ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਅਗਸਤ
ਸ਼ਹਿਰ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਚੱਲ ਰਹੇ ਅਭਿਆਨ ਤਹਿਤ ਅੱਜ ਸ਼ਹਿਰ ਵਾਸੀਆਂ ਨੇ ਖੰਨਾ ਵਟਸਅੱਪ ਗਰੁੱਪ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਲਾਵਾਰਿਸ ਪਸ਼ੂਆਂ ਨੂੰ ਇੱਥੋਂ ਦੇ ਨੇੜਲੇ ਪਿੰਡ ਬਘੌਰ ਵਿਚ ਸਥਿਤ ਗੌਰੀ ਸ਼ੰਕਰ ਗਊਸ਼ਾਲਾ ਵਿਚ ਪਹੁੰਚਾਉਣ ਦੀ ਮੁਹਿੰਮ ਆਰੰਭੀ। ਇਸ ਮੌਕੇ ਕੌਂਸਲ ਕਰਮਚਾਰੀਆਂ ਤੋਂ ਇਲਾਕਾ ਵੱਖ-ਵੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਪਹੁੰਚਾਉਣ ਵਿਚ ਮਦਦ ਕੀਤੀ। ਗਊਸ਼ਾਲਾ ਵਿਚ ਪਸ਼ੂਆਂ ਦਾ ਧਿਆਨ ਰੱਖਣ ਲਈ ਖ਼ਰਚਾ ਕੌਂਸਲ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਬੈਠਕ ਵਿਚ ਮਤਾ ਵੀ ਪਾਸ ਕੀਤਾ ਗਿਆ ਸੀ। ਇਸ ਸਬੰਧੀ ਪੁਲੀਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪਸ਼ੂਆਂ ਨੂੰ ਸ਼ਹਿਰ ਵਿੱਚੋਂ ਫੜ ਕੇ ਗਊਸ਼ਾਲਾ ਤੱਕ ਪਹੁੰਚਾਉਣ ਲਈ ਅਧਿਕਾਰੀਆਂ ਦੀ ਡਿਊਟੀ ਲਾਈ। ਇਸ ਮੌਕੇ ਸ਼ਿਵ ਕੁਮਾਰ ਕਾਲਾ, ਅਵਤਾਰ ਮੋਰੀਆ, ਮਹੰਤ ਕਸ਼ਮੀਰ ਗਿਰੀ, ਲਲਿਤ ਕੁਮਾਰ ਸ਼ਰਮਾ, ਸੰਜੀਵ ਕੁਮਾਰ, ਜਤਿੰਦਰ ਨਾਰੰਗ, ਅਨੁਜ ਛਾਹੜੀਆ, ਸੁਖਵੰਤ ਸਿੰਘ ਟਿੱਲੂ, ਮੁਕੇਸ਼ ਸਿੰਘੀ, ਗਗਨ ਕਾਲੀਰਾਓ, ਦਵਿੰਦਰ ਕੌਰ, ਯੋਗੇਸ਼ ਜੋਸ਼ੀ ਆਦਿ ਹਾਜ਼ਰ ਸਨ।
ਇਸ ਸਬੰਧੀ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਜਤਿੰਦਰ ਪਾਠਕ ਨੇ ਕਿਹਾ ਕਿ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਯਤਨਾਂ ਸਦਕਾ ਸ਼ਹਿਰ ਵਿਚ ਪਸ਼ੂਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਸ਼ਲਾਘਾਯੋਗ ਕਦਮ ਉਠਾਇਆ ਗਿਆ ਹੈ। ਇਸ ਨਾਲ ਜਿੱਥੇ ਪਸ਼ੂਆਂ ਦੀ ਸਹੀ ਢੰਗ ਨਾਲ ਸੰਭਾਲ ਹੋ ਸਕੇਗੀ, ਉੱਥੇ ਸ਼ਹਿਰ ਵਿਚ ਇਨ੍ਹਾਂ ਪਸ਼ੂਆਂ ਕਾਰਨ ਵਾਪਰ ਰਹੀਆਂ ਦੁਰਘਟਨਾਵਾਂ ਤੋਂ ਵੀ ਛੁਟਕਾਰਾ ਮਿਲੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮੁਹੱਲਿਆਂ ਵਿਚ ਘੁੰਮਦੇ ਪਸ਼ੂਆਂ ਸਬੰਧੀ ਕੌਂਸਲ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ।