ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਫਰਵਰੀ
ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੋਣ ਪ੍ਰਚਾਰ ਬੰਦ ਹੋਣ ਉਪਰੰਤ ਚੋਣ ਮੈਦਾਨ ’ਚ ਉੱਤਰੇ ਉਮੀਦਵਾਰਾਂ ਨੇ ਰੁੱਸਿਆਂ ਨੂੰ ਮਨਾਉਣ ਅਤੇ ਜਿੱਤ ਪੱਕੀ ਕਰਨ ਲਈ ਅੰਦਰਖਾਤੇ ਚਾਰਾਜੋਈ ਆਰੰਭ ਕਰ ਦਿੱਤੀ ਹੈ। ਕਿਸਾਨੀ ਸੰਘਰਸ਼ ਸਿਖ਼ਰ ’ਤੇ ਹੋਣ ਕਰ ਕੇ ਬਹੁ-ਗਿਣਤੀ ਲੋਕਾਂ ਦਾ ਧਿਆਨ ਅੰਦੋਲਨ ਦੀ ਜਿੱਤ ਵੱਲ ਹੈ। ਫਿਰ ਵੀ ਉਮੀਦਵਾਰਾਂ ਨੇ ਆਪਣੇ-ਆਪਣੇ ਸੂਹੀਆਂ ਰਾਹੀਂ ਮਿਲ ਰਹੀਆਂ ਸੂਚਨਾਵਾਂ ਦੇ ਆਧਾਰ ’ਤੇ ਵੋਟਰਾਂ ਨਾਲ ਜੋੜ-ਤੋੜ ਸ਼ੁਰੂ ਕਰ ਦਿੱਤਾ ਹੈ। 23 ਵਾਰਡਾਂ ਲਈ 57 ਪੋਲਿੰਗ ਸਟੇਸ਼ਨਾਂ ’ਚੋਂ ਪੰਜ ਵਾਰਡਾਂ 3,4,7,10 ਅਤੇ 17 ਨੂੰ ਅਤਿ-ਸੰਵੇਦਨਸ਼ੀਲ ਐਲਾਨਿਆ ਗਿਆ ਹੈ। 15 ਵਾਰਡਾਂ ਨੂੰ ਸੰਵੇਦਨਸ਼ੀਲ ਜ਼ੋਨ ’ਚ ਰੱਖਿਆ ਗਿਆ ਹੈ। ਸਿਰਫ਼ ਇੱਕ ਵਾਰਡ ਹੀ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਲੇਬਲ ਤੋਂ ਬਚਿਆ ਹੈ ਜਿਸ ਤੋਂ ਅਮਨ ਕਪੂਰ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕਿਆ ਹੈ ਤੇ ਉਪ-ਮੰਡਲ ਮੈਜਿਸਟਰੇਟ ਨਰਿੰਦਰ ਸਿੰਘ ਤੋਂ ਸਰਟੀਫਿਕੇਟ ਵੀ ਹਾਸਲ ਕਰ ਚੁੱਕਾ ਹੈ।
ਸੀਨੀਅਰ ਪੁਲੀਸ ਕਪਤਾਨ ਵੱਲੋਂ ਹਦਾਇਤਾਂ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਕੌਂਸਲ ਚੋਣਾਂ ਸਬੰਧੀ ਸਖ਼ਤ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਆਖਿਆ ਕਿ ਕੋਈ ਵੀ ਉਮੀਦਵਾਰ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ ਨਹੀਂ ਵੰਡੇਗਾ। ਵੋਟਰ ਨੂੰ ਵੋਟ ਪਾਉਣ ਲਈ ਨਾ ਧਮਕਾਏਗਾ ਅਤੇ ਨਾ ਹੀ ਜ਼ਬਰਦਸਤੀ ਕਰੇਗਾ। 12 ਫਰਵਰੀ ਸ਼ਾਮ 5 ਵਜੇ ਤੋਂ ਬਾਅਦ ਵਾਰਡਾਂ ’ਚ ਬਾਹਰਲਾ ਵਿਅਕਤੀ ਨਹੀਂ ਰਹੇਗਾ। ਵੀਆਈਪੀ ਭਾਵੇਂ ਕੋਈ ਵੀ ਹੋਵੇ ਚੋਣ ਬੂਥ ’ਤੇ ਇਕੱਲਾ ਜਾਵੇਗਾ ਕਿਸੇ ਵੀ ਅੰਗ-ਰੱਖਿਅਕ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ। ਪੋਲਿੰਗ ਏਜੰਟਾਂ ਕੋਲ ਫੋਨ ਨਹੀਂ ਹੋਣਗੇ। ਇੱਕ-ਦੂਸਰੇ ਨੂੰ ਮੰਦੀ ਸ਼ਬਦਾਵਲੀ ਬੋਲਣ ਦੀ ਵੀ ਮਨਾਹੀ ਹੈ। ਉਨ੍ਹਾਂ ਆਖਿਆ ਕਿ ਪੁਲੀਸ ਨੇ ਸਾਰਾ ਖਾਕਾ ਤਿਆਰ ਕਰ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ।