ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਗਸਤ
ਨਗਰ ਸੁਧਾਰ ਟਰੱਸਟ ’ਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਵਿਜੀਲੈਂਸ ਦੀ ਟੀਮ ਕੋਲ ਰਿਮਾਂਡ ’ਤੇ ਚੱਲ ਰਹੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਪੀਏ ਸੰਦੀਪ ਸ਼ਰਮਾ ਦੇ ਨਾਲ ਨਾਲ ਈਓ ਕੁਲਜੀਤ ਕੌਰ ਤੇ ਸੇਲਜ਼ ਕਲਰਕ ਪ੍ਰਵੀਨ ਕੁਮਾਰ ਨੂੰ ਤਿੰਨ ਦਿਨਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹਾਲਾਂਕਿ ਪੰਜ ਦਿਨ ਲੰਘਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਸਾਬਕਾ ਚੇਅਰਮੈਨ ਤੇ ਉਨ੍ਹਾਂ ਦੇ ਸਾਥੀ ਐੱਸਡੀਓ ਅੰਕਿਤ ਨਾਰੰਗ ਦੇ ਨਾਲ ਨਾਲ ਕਲਰਕ ਗਗਨਦੀਪ ਦਾ ਹਾਲੇ ਤੱਕ ਕੁਝ ਪਤਾ ਨਹੀਂ ਲਾ ਸਕੀ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਨੇ ਕਈ ਥਾਂਵਾਂ ’ਤੇ ਛਾਪੇ ਮਾਰੇ ਸਨ। ਸ਼ੱਕ ਹੈ ਕਿ ਤਿੰਨੇ ਪੰਜਾਬ ਛੱਡ ਕੇ ਜਾ ਚੁੱਕੇ ਹਨ। ਹੁਣ ਵਿਜੀਲੈਂਸ ਨੇ ਮੁਲਜ਼ਮਾਂ ਨੂੰ ਪੰਜਾਬ ਤੋਂ ਬਾਹਰ ਜਾ ਕੇ ਗ੍ਰਿਫ਼ਤਾਰ ਕਰਨ ਦੀ ਯੋਜਨਾ ਉਲੀਕੀ ਹੈ। ਵਿਜੀਲੈਂਸ ਨੇ ਇਸ ਕੇਸ ਨਾਲ ਸਬੰਧਤ ਕਈ ਫਾਈਲਾਂ ਜਬਤ ਕਰ ਲਈਆਂ ਹਨ। ਸਾਬਕਾ ਚੇਅਰਮੈਨ ਦੇ ਪੀਏ ਸੰਦੀਪ ਸ਼ਰਮਾ ਨੂੰ ਵਿਜੀਲੈਂਸ ਦੀ ਟੀਮ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ ਤੇ ਈਓ ਕੁਲਜੀਤ ਤੇ ਕਲਰਕ ਪ੍ਰਵੀਨ ਕੁਮਾਰ ਨੂੰ ਪ੍ਰੋਡੱਕਸ਼ਨ ਵਾਰੰਟ ’ਤੇ ਲਿਆਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਨਗਰ ਸੁਧਾਰ ਟਰੱਸਟ ਦੇ ਕਈ ਪਲਾਟਾਂ ’ਚ ਹੇਰਾ ਫੇਰੀ ਕੀਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਪਲਾਟਾਂ ਦੀਆਂ ਫਾਈਲਾਂ ਵਿਜੀਲੈਂਸ ਅਧਿਕਾਰੀਆਂ ਨੇ ਆਪਣੇ ਕੋਲ ਮੰਗਵਾ ਲਈਆਂ ਹਨ।