ਜਸਬੀਰ ਸ਼ੇਤਰਾ
ਜਗਰਾਉਂ, 29 ਮਈ
ਨੇੜਲੇ ਪਿੰਡ ਗਾਲਬਿ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦਾ ਆਮ ਇਜਲਾਸ ਬਲਾਕ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ ਦੀ ਪ੍ਰਧਾਨਗੀ ਹੇਠ ਹੋਇਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਸਣੇ ਹੋਰ ਆਗੂ ਵਿਸ਼ੇਸ਼ ਤੌਰ ’ਤੇ ਇਸ ’ਚ ਸ਼ਾਮਲ ਹੋਏ। ਇਸ ਮੌਕੇ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਅੱਜ ਸੂਬੇ ਭਰ ’ਚ ਕਿਸਾਨਾਂ ਖ਼ਿਲਾਫ਼ ਹਕੂਮਤੀ ਪਾਰਟੀਆਂ ਦੇ ਆਈਟੀ ਸੈੱਲ ਅਤੇ ਫੇਸਬੁਕ ਦੇ ਵਰਤੋਂਕਾਰਾਂ ਵੱਲੋਂ ਝੋਨੇ ਦੀ ਬਿਜਾਈ ਰਾਹੀਂ ਪਾਣੀ ਖ਼ਤਮ ਕਰਨ ਅਤੇ ਵਾਤਾਵਰਨ ਪ੍ਰਦੂਸ਼ਿਤ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਸ ਦਾ ਇੱਕੋ-ਇਕ ਕਾਰਨ ਹੈ ਕਿ ਪੰਜਾਬ ਤੇ ਕੇਂਦਰ ਦੀ ਹਕੂਮਤ ਨੂੰ ਇਹ ਡਰ ਸਤਾ ਰਿਹਾ ਹੈ ਕਿ ਉਨ੍ਹਾਂ ਦੇ ਵਿਰੋਧ ਦੀ ਯੋਗਤਾ ਸਿਰਫ਼ ਕਿਸਾਨ ਜਥੇਬੰਦੀਆਂ ਕੋਲ ਹੈ। ਉਨ੍ਹਾਂ ਤਾੜਨਾ ਕੀਤੀ ਕਿ ਇਸ ਤਰ੍ਹਾਂ ਦੇ ਬਿਨਾਂ ਤਰਕ ਵਾਲੇ ਦੋਸ਼ ਲਾਉਣੇ ਬੰਦ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਵਾਤਾਵਰਨ ਅਤੇ ਪਾਣੀ ਪ੍ਰਦੂਸ਼ਣ ਲਈ ਇਕੱਲੇ ਕਿਸਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕਿਸਾਨੀ ਕੁਦਰਤ ਪੱਖੀ, ਮਨੁੱਖ ਪੱਖੀ, ਵਾਤਾਵਰਨ ਪੱਖੀ ਖੇਤੀ ਮਾਡਲ ਅਪਣਾਉਣ ਲਈ ਤਿਆਰ ਹੈ, ਬਸ਼ਰਤੇ ਕਿ ਹਕੂਮਤਾਂ ਨਵੀਂ ਖੇਤੀ ਨੀਤੀ ਲਈ ਕੋਈ ਠੋਸ ਯੋਜਨਾ ਬਣਾਉਣ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਇਸ ਲਈ ਸਹਿਕਾਰੀ ਖੇਤਰ ਮਜ਼ਬੂਤ ਕੀਤਾ ਜਾਵੇ, ਬਿਜਲੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਖੇਤੀ ਵਸਤਾਂ ਸਸਤੇ ਭਾਅ ’ਤੇ ਕਿਸਾਨੀ ਨੂੰ ਮੁਹੱਈਆ ਕਰਵਾਈਆਂ ਜਾਣ, ਐੱਮਐੱਸਪੀ ਅਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਕੀਤੀ ਜਾਵੇ।
ਉਨ੍ਹਾਂ ਮੂੰਗੀ ਦੀ ਫ਼ਸਲ ਸਿਰਫ਼ ਸੁਸਾਇਟੀ ਦੀ ਦੁਕਾਨ ’ਤੇ ਵੇਚਣ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਸਮੂਹ ਕਿਸਾਨਾਂ ਨੇ ਪਾਣੀ ਬਚਾਉਣ ਅਤੇ ਦਸ-ਦਸ ਬੂਟੇ ਲਗਾਉਣ ਦਾ ਫ਼ੈਸਲਾ ਕੀਤਾ। ਇਸ ਸਮੇਂ ਬਚਿੱਤਰ ਸਿੰਘ ਜਨੇਤਪੁਰਾ, ਕਰਨੈਲ ਸਿੰਘ ਹੇਰਾਂ, ਲਖਵੀਰ ਸਿੰਘ ਸਮਰਾ ਆਦਿ ਆਗੂ ਹਾਜ਼ਰ ਸਨ।
ਇਸ ਸਮੇਂ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀ ਦਿਵਾਉਣ ਲਈ ਪੰਜ ਜੂਨ ਨੂੰ ਹਲਕਾ ਵਿਧਾਇਕ ਦੇ ਦਫ਼ਤਰ ਦੇ ਘਿਰਾਓ ’ਚ ਸ਼ਾਮਲ ਹੋਣ ਦਾ ਵੀ ਐਲਾਨ ਕੀਤਾ ਗਿਆ। ਬਲਾਕ ਸਿੱਧਵਾਂ ਬੇਟ ਦੀ ਜਨਰਲ ਮੀਟਿੰਗ 31 ਮਈ ਨੂੰ ਸਵੇਰੇ 10 ਵਜੇ ਪਿੰਡ ਸ਼ੇਖਦੋਲਤ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ।
ਪਿੰਡ ਇਕਾਈ ਦੀ ਚੋਣ ’ਚ ਮਲਕੀਤ ਮੀਤ ਪ੍ਰਧਾਨ ਚੁਣੇ
ਇਜਲਾਸ ਦੌਰਾਨ ਹਾਜ਼ਰ ਮੈਂਬਰਾਂ ਨੇ ਨੌਂ ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ। ਇਸ ਵਿੱਚ ਦਵਿੰਦਰ ਸਿੰਘ ਬੱਬੂ ਪ੍ਰਧਾਨ, ਮਲਕੀਤ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ ਕਾਂਤਾ ਸਕੱਤਰ, ਕੁਲਵੰਤ ਸਿੰਘ ਖਜ਼ਾਨਚੀ, ਨਰਿੰਦਰ ਸਿੰਘ ਜੁਆਇੰਟ ਸਕੱਤਰ ਤੋਂ ਬਿਨਾਂ ਜਗਨ ਨਾਥ ਸੰਘਰਾਓ, ਜਸਵੀਰ ਸਿੰਘ, ਹਰਜੀਤ ਸਿੰਘ, ਸ਼ੇਰ ਸਿੰਘ ਕਮੇਟੀ ਮੈਂਬਰ ਚੁਣੇ ਗਏ।