ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਜਨਵਰੀ
ਨਗਰ ਨਿਗਮ ਲੁਧਿਆਣਾ ਦੇ ਜ਼ੋਨ-ਬੀ ਵੱਲੋਂ ਪ੍ਰਾਪਰਟੀ ਟੈਕਸ, ਪਾਣੀ, ਸੀਵਰੇਜ ਅਤੇ ਡਿਸਪੋਜਲ ਦੀ ਰਿਕਵਰੀ ਸਬੰਧੀ ਕੈਂਪ ਲਗਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ 6 ਫਰਵਰੀ ਤੋਂ ਬਾਅਦ ਪਾਣੀ, ਸੀਵਰੇਜ ਅਤੇ ਡਿਸਪੋਜ਼ਲ ਦੇ ਗੈਰ-ਕਾਨੂੰਨੀ ਕੁਨੈਕਸ਼ਨ ਚੈੱਕ ਕਰ ਕੇ ਡਿਫਾਲਟਰਾਂ ਵਿਰੁੱਧ ਨਗਰ ਨਿਗਮ, ਲੁਧਿਆਣਾ ਵੱਲੋਂ ਪੰਜਾਬ ਮਿਉਂਸਿਪਲ ਕਾਰਪੋਰੇਸ਼ਨ ਐਕਟ 1976 ਅਧੀਨ ਕਾਰਵਾਈ ਆਰੰਭੀ ਜਾਵੇਗੀ।
ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਰਿਕਵਰੀ ਵਿੱਚ ਤੇਜ਼ੀ ਲਿਆਉਣ ਲਈ ਨਿਗਮ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਸਬੰਧੀ ਜ਼ੋਨ-ਬੀ ਦੇ ਸਾਰੇ ਪ੍ਰਾਪਰਟੀ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਬਣਦਾ ਟੈਕਸ ਤੁਰੰਤ ਨਗਰ ਨਿਗਮ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ।
ਉਨ੍ਹਾਂ ਨਗਰ ਨਿਗਮ ਦੇ ਜ਼ੋਨ-ਬੀ ਵੱਲੋਂ ਲਗਾਏ ਜਾ ਰਹੇ ਕੈਂਪਾਂ ਸਬੰਧੀ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ 14 ਤੇ 23 ਕਿਦਵਈ ਨਗਰ, ਸਬ ਜ਼ੋਨ-ਬੀ 1 ਦੇ ਵਸਨੀਕ ਕੈਂਪ ਇੰਚਾਰਜ ਜਗਰੂਪ ਸਿੰਘ, ਐੱਸਡੀਓ (97800-22546) ਤੇ ਉਨ੍ਹਾਂ ਦੇ ਸਹਾਇਕ ਅਸ਼ੋਕ ਕੁਮਾਰ ਕਲਰਕ (99141-38448) ਨਾਲ ਸੰਪਰਕ ਕਰ ਸਕਦੇ ਹਨ। ਬਲਾਕ 24 ਦਫ਼ਤਰ ਜ਼ੋਨ-ਬੀ ਦੇ ਵਸਨੀਕ ਇੰਚਾਰਜ ਕਮਲ ਐੱਸਡੀਓ (97802-21000) ਸਹਾਇਕ ਮਹੇਸ਼ ਕੁਮਾਰ (99888-00954), ਬਲਾਕ 30 ਗੁਰਦੁਆਰਾ ਸਾਹਿਬ ਢੰਡਾਰੀ ਖੁਰਦ, ਸਬ ਜ਼ੋਨ-ਬੀ2 ਅਤੇ ਜ਼ੋਨ-ਬੀ 4 ਸਮਰਵੀਰ ਸਿੰਘ ਗਰੇਵਾਲ ਐੱਸਡੀਓ (97800-39835) ਤੇ ਦਵਿੰਦਰਪਾਲ, ਜੇਈ (97800-33766) ਤੇ ਇਸੇ ਤਰ੍ਹਾਂ ਬਲਾਕ 31 ਨਗਰ ਨਿਗਮ ਸਟੋਰ ਗੁਰੂ ਅਰਜਨ ਦੇਵ ਰੋਡ ਸਬ ਜ਼ੋਨ-ਬੀ 3 ਦੇ ਵਸਨੀਕ ਅੰਮ੍ਰਿਤਪਾਲ ਸਿੰਘ, ਜੇਈ (81462-88822) ਤੇ ਗੁਰਜੀਤ ਸਿੰਘ, ਜੇਈ (70096-21098) ਨਾਲ ਸੰਪਰਕ ਕਰ ਸਕਦੇ ਹਨ।
ਨਗਰ ਨਿਗਮ ਕਮਿਸ਼ਨਰ ਸੱਭਰਵਾਲ ਨੇ ਦੱਸਿਆ ਕਿ ਪਾਣੀ ਸੀਵਰੇਜ ਅਤੇ ਡਿਸਪੋਜਲ ਦੇ ਗੈਰ-ਕਾਨੂੰਨੀ ਕੁਨੈਕਸ਼ਨ ਕੱਟਣ ਤੋਂ ਬਾਅਦ ਐੱਫਆਈਆਰ ਦਰਜ ਕਰਵਾਈ ਜਾਵੇਗੀ ਅਤੇ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਡਿਫਾਲਟਰ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਜਾਵੇਗੀ।
ਭਾਵੇਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ 125 ਗਜ਼ ਤੱਕ ਰਿਹਾਇਸ਼ ਨੂੰ ਪਾਣੀ, ਸੀਵਰੇਜ ਦੇ ਬਿੱਲ ਦੀ ਮੁਆਫ਼ੀ ਹੈ, ਪਰ ਸਬੰਧਤ ਵਿਅਕਤੀ ਨੂੰ ਕੁਨੈਕਸ਼ਨ ਫ਼ੀਸ ਦੇ ਕੇ ਕੁਨੈਕਸ਼ਨ ਰੈਗੂਲਰ ਕਰਵਾਉਣਾ ਲਾਜ਼ਮੀ ਹੈ।
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਪਹਿਲੇ ਦੌਰ ਦੀ ਚੈਕਿੰਗ ਦੌਰਾਨ ਦੀਪ ਨਗਰ, ਫ਼ੌਜੀ ਕਲੋਨੀ, ਵਿਸ਼ਵਕਰਮਾ ਨਗਰ, ਨੇੜੇ ਜੀਵਨ ਨਗਰ ਚੌਕ, ਮੁਸਲਿਮ ਕਲੋਨੀ, ਭਗਤ ਸਿੰਘ ਨਗਰ, ਤਾਜਪੁੱਰ ਰੋਡ, ਟਿੱਬਾ ਰੋਡ, ਵਿਜੈ ਨਗਰ, ਸੁੰਦਰ ਨਗਰ, ਢੰਡਾਰੀ ਖੁਰਦ, ਗੋਬਿੰਦਗੜ੍ਹ ਦੇ ਏਰੀਏ ਚੈੱਕ ਕਰ ਕੇ ਕਾਰਵਾਈ ਕੀਤੀ ਜਾਵੇਗੀ।