ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਸਤੰਬਰ
ਹੋਟ ਮਿਕਸ ਪਲਾਂਟ ਦੇ ਠੇਕੇਦਾਰ ਵੱਲੋਂ ਨਗਰ ਨਿਗਮ ਦੇ ਬੀਐਂਡਆਰ ਵਿਭਾਗ ਦੇ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ, ਜਿਸਦੇ ਖ਼ਿਲਾਫ਼ ਅੱਜ ਮਿਊਂਸਿਪਲ ਐਂਪਲਾਈਜ਼ ਸੰਘਰਸ਼ ਕਮੇਟੀ ਨੇ ਗੇਟ ਰੈਲੀ ਕੀਤੀ ਤੇ ਠੇਕੇਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਮੇਟੀ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ 72 ਘੰਟੇ ਦੇ ਅੰਦਰ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੇ ਠੇਕੇਦਾਰ ਵਿਨੋਦ ਜੈਨ ’ਤੇ ਐੱਫਆਈਆਰ ਦਰਜ ਕੀਤੀ ਜਾਵੇ। ਕਮੇਟੀ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਸਤੰਬਰ ਤੱਕ ਠੇਕੇਦਾਰ ਨੂੰ ਸਬੂਤ ਪੇਸ਼ ਕਰਨ ਜਾਂ ਫਿਰ ਠੇਕੇਦਾਰ ਨੂੰ ਮੁਆਫ਼ੀ ਲਈ ਕਿਹਾ ਸੀ। ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸੇ ਰੋਸ ਵੱਜੋਂ ਅੱਜ ਕਮੇਟੀ ਵੱਲੋਂ ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਵਿੱਚ 3 ਘੰਟੇ ਲਈ ਨਗਰ ਨਿਗਮ ਜ਼ੋਨ-ਏ ਦੇ ਬਾਹਰ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਹੋਏ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਸਾਫ ਸ਼ਬਦਾਂ ਵਿਚ ਬੀਐਂਡਆਰ ਸ਼ਾਖਾ ਦੇ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਉਣ ਵਾਲੇ ਠੇਕੇਦਾਰ ਵਿਨੋਦ ਜੈਨ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ। ਨਾਲ ਹੀ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵੱਲੋਂ ਥਾਣਾ ਸਾਹਨੇਵਾਲ ਵਿੱਚ ਓ ਐਂਡ ਐੱਮ ਸੈੱਲ ਦੇ ਅਧਿਕਾਰੀਆਂ ਖ਼ਿਲਾਫ਼ ਦਰਜ ਕਰਵਾਈ ਗਈ ਐੱਫਆਈਆਰ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ।