ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜੁਲਾਈ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਸੀਵਰਮੈਨ, ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਵਲੋਂ ਨਿਗਮ ਵਿਚ ਕੰਮ ਕਰ ਰਹੇ ਕੱਚੇ ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ, ਮਾਲੀ, ਬੇਲਦਾਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਾਉਣ ਲਈ ਮੁਲਾਜ਼ਮਾਂ ਦੀ ਭੁੱਖ ਹੜਤਾਲ ਜਾਰੀ ਹੈ। ਅੱਜ ਸੰਘਰਸ਼ ਕਮੇਟੀ ਦੇ ਜੱਥੇ ਵਲੋਂ ਰਜਿੰਦਰ ਹੰਸ ਦੀ ਅਗਵਾਈ ਵਿੱਚ ਅਸ਼ੋਕ ਦਾਨਵ, ਅਕਸ਼ੈ ਰਾਜ, ਮਦਨ ਧਾਰੀਵਾਲ, ਮਨਦੀਪ ਚੌਹਾਨ, ਸਨੀ ਬਾਲੂ ਵੱਲੋਂ ਇਕ ਦਿਨਾ ਭੁੱਖ ਹੜਤਾਲ ਕੀਤੀ ਗਈ। ਇਸ ਦੌਰਾਨ ਸੰਘਰਸ਼ ਕਮੇਟੀ ਦੇ ਮੈਂਬਰ ਗਰਮੀ ਅਤੇ ਹੁੰਮਸ ਭਰੇ ਮੌਸਮ ਦੀ ਪ੍ਰਵਾਹ ਕੀਤੇ ਬਿਨਾਂ ਭੁੱਖ ਹੜਤਾਲ ’ਤੇ ਬੈਠੇ ਰਹੇ। ਇਸ ਦੌਰਾਨ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਤੋਂ ਇਲਾਵਾ ਵੱਡੀ ਗਿਣਤੀ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਸ਼ਿਰਕਤ ਕਰਕੇ ਕਮੇਟੀ ਦੇ ਮੈਂਬਰਾਂ ਨੂੰ ਆਪਣਾ ਸਮਰਥਨ ਦਿੱਤਾ ਉਥੇ ਹੀ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਇਸ ਮੌਕੇ ਸਭ ਤੋਂ ਪਹਿਲਾਂ ਸੰਘਰਸ਼ ਕਮੇਟੀ ਦੇ ਆਗੂਆ ਵਲੌਂ ਗੁਰੂ ਪੂਰਨਿਮਾ ਦੇ ਮੌਕੇ ਭਾਰਤੀਯ ਵਾਲਮੀਕਿ ਧਰਮ ਸਮਾਜ ਦੇ ਸੰਸਥਾਪਕ ਅਤੇ ਪ੍ਰਥਮ ਆਦਿ ਧਰਮ ਗੁਰੂ ਪ੍ਰਭੂ ਰਿਸ਼ੀਨਾਥ ਰਤਨਾਕਰ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸੰਘਰਸ਼ ਕਮੇਟੀ ਨੇ ਕਿਹਾ ਕਿ ਨਿਗਮ ਪ੍ਰਸ਼ਾਸਨ ਨੇ ਜਾਣਬੁੱਝ ਕੇ ਹੁਕਮ ਜਾਰੀ ਕੀਤੇ ਹਨ ਕਿ ਮੁਲਾਜ਼ਮਾਂ ਦੀਆਂ ਹਾਜ਼ਰੀਆਂ ਚੈੱਕ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਕਮੇਟੀ ਨਹੀਂ ਮੰਨਦੀ।