ਗਗਨਦੀਪ ਅਰੋੜਾ
ਲੁਧਿਆਣਾ, 24 ਜੂਨ
ਜ਼ਿਲ੍ਹਾ ਲੁਧਿਆਣਾ ਵਿੱਚ ਕਰੋਨਾ ਦੇ ਕੇਸਾਂ ਵਿੱਚ ਰਾਹਤ ਮਿਲੀ ਹੈ। ਅੱਜ ਕਰੋਨਾ ਦੇ 40 ਨਵੇਂ ਕੇਸ ਸਾਹਮਣੇ ਆਏ ਹਨ। ਰਾਹਤ ਵਾਲੀ ਗੱਲ ਇਹ ਰਹੀ ਕਿ ਅੱਜ ਕਿਸੇ ਵੀ ਕਰੋਨਾ ਮਰੀਜ਼ ਦੀ ਮੌਤ ਨਹੀਂ ਹੋਈ। ਇਸ ਮੌਕੇ 11,069 ਜਣਿਆਂ ਦੇ ਸੈਂਪਲ ਲਏ ਗਏ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਅੱਜ ਕਰੋਨਾ ਦੇ 40 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਕਰੋਨਾ ਕੇਸਾਂ ਦੀ ਗਿਣਤੀ 86,781 ਹੋ ਗਈ ਹੈ। ਇਨ੍ਹਾਂ ’ਚੋਂ 85,237 ਮਰੀਜ਼ ਠੀਕ ਹੋ ਗਏ ਹਨ। ਮੌਜੂਦਾ ਸਮੇਂ ਵਿੱਚ 464 ਐਕਟਿਵ ਮਰੀਜ਼ ਹਨ, ਜਿਨ੍ਹਾਂ ’ਚੋਂ 345 ਘਰਾਂ ਵਿੱਚ ਇਕਾਂਤਵਾਸ ਹਨ, 21 ਮਰੀਜ਼ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹਨ, 58 ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਚੰਗੀ ਗੱਲ ਇਹ ਰਹੀ ਕਿ ਅੱਜ ਕਿਸੇ ਦੀ ਵੀ ਕਰੋਨਾ ਨਾਲ ਮੌਤ ਨਹੀਂ ਹੋਈ। ਹੁਣ ਤੱਕ ਕਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 2080 ਹੋ ਗਈ ਹੈ। ਸਿਹਤ ਮਾਹਿਰਾਂ ਨੇ ਰਾਹਤ ਮਿਲਣ ਮਗਰੋਂ ਵੀ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਮਾਸਕ ਦੀ ਵਰਤੋਂ ਜ਼ਰੂਰ ਕੀਤੀ ਜਾਵੇ।
ਡੀਸੀ ਵੱਲੋਂ ਕਾਰੋਬਾਰੀਆਂ ਨੂੰ ਵਰਕਰਾਂ ਦੇ ਕਰੋਨਾ ਵੈਕਸੀਨ ਲਗਾਉਣ ਦੀ ਅਪੀਲ
ਟੀਕਾਕਰਨ ਮੁਹਿੰਮ ਵਿਚ 10 ਲੱਖ ਤੋਂ ਵੱਧ ਦਾ ਅੰਕੜਾ ਪਾਰ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਹਫ਼ਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿਚ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਹਰ ਇਕ ਨਾਗਰਿਕ ਦੀ ਸਫ਼ਲਤਾ ਹੈ। ਉਨ੍ਹਾਂ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਅਗਰ ਉਹ ਚਾਹੁੰਦੇ ਹਨ ਕਿ ਕਰੋਨਾ ਦੌਰ ਦੌਰਾਨ ਕਾਰੋਬਾਰ ਬੰਦ ਕਰਨ ਤੋਂ ਬੱਚਣਾ ਹੈ ਤਾਂ ਆਪਣੇ ਵਰਕਰਾ ਤੇ ਸਗੇ ਸਬੰਧੀਆਂ ਦੇ ਕਰੋਨਾ ਵੈਕਸੀਨ ਲਗਵਾਉਣ। ਡਿਪਟੀ ਕਮਿਸ਼ਨਰ ਨੇ ਰਾਏਕੋਟ ਕਸਬੇ ਵਿੱਚ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਯਤਨਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਵਿੱਚ ਨੋਟਿਸ ਚਿਪਕਾਏ ਹਨ ਅਤੇ ਉਨ੍ਹਾਂ ’ਤੇ ਲਿਖਿਆ ਹੈ, ਉਨ੍ਹਾਂ ਦੇ ਸਾਰੇ ਸਟਾਫ ਨੂੰ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਹੋਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੀਆਂ ਸੰਸਥਾਵਾਂ ਵਿਚ ਇਸ ਤਰ੍ਹਾਂ ਦੇ ਨੋਟਿਸ ਚਿਪਕਾਉਣ। ਡੀਸੀ ਸ਼ਰਮਾ ਨੇ ਦੱਸਿਆ ਕਿ ਜਦੋਂ ਵੀ ਕੋਈ ਕਰਫਿਊ ਲਗਾਇਆ ਜਾਂਦਾ ਹੈ, ਮਜ਼ਦੂਰ ਜਮਾਤ ਪ੍ਰਭਾਵਿਤ ਹੁੰਦੀ ਹੈ, ਇਸ ਲਈ ਉਨ੍ਹਾਂ ਦੇ ਟੀਕਾਕਰਨ ਦੀ ਮਹੱਤਤਾ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਟੀਕਾਕਰਨ ਕਾਰੋਬਾਰੀ ਗਤੀਵਿਧੀਆਂ ਲਈ ਸਭ ਤੋਂ ਜ਼ਰੂਰੀ ਹੈ. ਉਨ੍ਹਾਂ ਗੈਰ ਸਰਕਾਰੀ ਸੰਗਠਨਾਂ, ਧਾਰਮਿਕ ਸੰਸਥਾਵਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀਆਂ ਵੱਲੋਂ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਅਦਾ ਕੀਤੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵੈਕਸੀਨ ਦੀ ਕੋਈ ਘਾਟ ਨਹੀਂ ਹੈ ਅਤੇ ਐਨ.ਜੀ.ਓਜ਼ ਨੂੰ ਟੀਕਾਕਰਨ ਕੈਂਪਾਂ ਵਿਚ ਨਿਰੋਲ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੀਸਰੀ ਲਹਿਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਯੋਗ ਬਣਾਉਣ ਲਈ ਇਸ ਮੁਹਿੰਮ ਨੂੰ ਲੁਧਿਆਣਾ ਵਿਚ ਸਫਲ ਬਣਾਉਣ।