ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜਨਵਰੀ
ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਰੋਨਾ ਵੈਕਸੀਨ ਦੀ ਦੂਜ਼ੀ ਡੋਜ਼ ਨਾ ਲਗਵਾਉਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਕਰੋਨਾ ਵੈਕਸੀਨ ਸਬੰਧੀ ਡੀਸੀ ਨੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸਿਵਲ ਸਰਜਨ ਡਾ. ਐਸਪੀ ਸਿੰਘ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇੱਕ ਪਾਸੇ 102 ਫ਼ੀਸਦੀ ਲਾਭਪਾਤਰੀਆਂ ਨੂੰ ਪਹਿਲੀ ਡੋਜ਼ ਲਈ ਹੈ, ਉਥੇ ਸਿਰਫ਼ 64 ਫ਼ੀਸਦੀ ਵਿਅਕਤੀਆਂ ਨੂੰ ਹੀ ਦੂਜੀ ਡੋਜ਼ ਮਿਲੀ ਹੈ, ਜਿਸ ਦਾ ਮਤਲਬ ਹੈ ਕਿ 36 ਫ਼ੀਸਦੀ ਕਰੀਬ 10 ਲੱਖ ਲੋਕਾਂ ਦਾ ਅਜੇ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਬਾਕੀ ਹੈ। ਡੀਸੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਇਸ ਸਾਲ ਜਨਵਰੀ ਵਿੱਚ ਹੋਈਆਂ 81 ਕਰੋਨਾ ਮੌਤਾਂ ਵਿੱਚੋਂ 80 ਫੀਸਦੀ ਪੀੜਤਾਂ ਦਾ ਜਾਂ ਤਾਂ ਟੀਕਾਕਰਨ ਨਹੀਂ ਹੋਇਆ ਸੀ ਜਾਂ ਉਨ੍ਹਾਂ ਦੀ ਦੂਜੀ ਡੋਜ਼ ਤੋਂ ਖੁੰਝ ਗਏ ਸੀ। ਉਨ੍ਹਾਂ ਦੱਸਿਆ ਕਿ ਕੋਵਿਡ ਸਬੰਧੀ ਸਰਕਾਰੀ ਹਦਾਇਤਾਂ ਅਨੁਸਾਰ ਸਿਰਫ਼ ਸੰਪੂਰਨ ਟੀਕਾਕਰਨ ਵਾਲੇ ਵਿਅਕਤੀ ਹੀ ਘਰਾਂ ਤੋਂ ਬਾਹਰ ਜਾ ਸਕਦੇ ਹਨ ਅਤੇ ਪੁਲੀਸ ਵੱਲੋਂ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।