ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੁਲਾਈ
ਸਨਅਤੀ ਸ਼ਹਿਰ ਵਿੱਚ ਕਰੋਨਾ ਦੀ ਰਫ਼ਤਾਰ ਹੌਲੀ ਹੋਣ ਦਾ ਨਾਂ ਨਹੀਂ ਲੈ ਰਹੀ। ਪਿਛਲੇ ਕਰੀਬ ਇੱਕ ਹਫ਼ਤੇ ਵਿੱਚ ਕਰੋਨਾ ਦੇ 252 ਦੇ ਕਰੀਬ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 37 ਪਾਜ਼ੇਟਿਵ ਕੇਸ ਅੱਜ ਦੇ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਵੱਲੋਂ ਦਿਨੋ-ਦਿਨ ਵਧ ਰਹੇ ਕੇਸਾਂ ਨੂੰ ਦੇਖਦਿਆਂ ਕੋਵਿਡ-ਟੀਕਾਕਰਨ ਕੈਂਪਾਂ ਦੀ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ।
ਕਰੋਨਾ ਮਹਾਮਾਰੀ ਅਜੇ ਪੂਰੀ ਤਰ੍ਹਾਂ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ। ਲੁਧਿਆਣਾ ਬੀਤੀ 26 ਜੂਨ ਤੋਂ 2 ਜੁਲਾਈ ਤੱਕ ਕੁੱਲ 252 ਕਰੋਨਾ ਦੇ ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 26 ਜੂਨ ਨੂੰ 30 ਨਵੇਂ ਕੇਸ, 27 ਨੂੰ 31, 28 ਨੂੰ 24, 29 ਨੂੰ 48, 30 ਨੂੰ 34, 1 ਜੁਲਾਈ ਨੂੰ 48 ਅਤੇ ਅੱਜ 2 ਜੁਲਾਈ ਨੂੰ 37 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਦੇ ਨਵੇਂ ਕੇਸਾਂ ਵਿੱਚੋਂ 31 ਲੁਧਿਆਣਾ ਜ਼ਿਲ੍ਹੇ ਨਾਲ ਜਦੋਂਕਿ ਛੇ ਕੇਸ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਨਾਲ ਸਬੰਧਿਤ ਹਨ। ਇਸੇ ਤਰ੍ਹਾਂ ਅੱਜ ਵੀ 4240 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਦੂਜੇ ਪਾਸੇ, ਸਿਵਲ ਸਰਜਨ ਡਾ. ਐਸਪੀ ਸਿੰਘ ਦਾ ਕਹਿਣਾ ਹੈ ਕਿ ਕਰੋਨਾ ਬਿਮਾਰੀ ਤੋਂ ਮਰੀਜ਼ਾਂ ਦੇ ਠੀਕ ਹੋਣ ਦਾ ਪ੍ਰਤੀਸ਼ਤ 97.76 ਫ਼ੀਸਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਮੇਂ ’ਤੇ ਆਪਣੇ ਹੱਥ ਸਾਫ਼ ਕਰਦੇ ਰਹਿਣ, ਭੀੜ ਤੋਂ ਦੂਰ ਰਹਿਣ, ਮਾਸਕ ਪਾ ਕੇ ਰੱਖਣ, ਸਿਹਤ ਠੀਕ ਨਾ ਹੋਣ ’ਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾਂਚ ਜ਼ਰੂਰ ਕਰਵਾਉਣ।
ਉੱਧਰ, ਕਰੋਨਾ ਦੇ ਕੇਸ ਵਧਦੇ ਦੇਖ ਕੇ ਸਿਹਤ ਵਿਭਾਗ ਨੇ ਕੋਵਿਡ ਟੀਕਾਕਰਨ ਦੀ ਮੁਹਿੰਮ ਵੀ ਤੇਜ਼ ਕਰ ਦਿੱਤੀ ਹੈ। ਹੁਣ ਤਿੰਨ ਜੁਲਾਈ ਨੂੰ ਵੱਖ ਵੱਖ ਜ਼ੋਨਾਂ ਵਿੱਚ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ।