ਗਗਨ ਅਰੋੜਾ
ਲੁਧਿਆਣਾ, 27 ਜੂਨ
ਸਨਅਤੀ ਸ਼ਹਿਰ ’ਚ ਕਰੋਨਾ ਮਰੀਜ਼ਾਂ ਦੇ ਲਗਾਤਾਰ ਵੱਧ ਰਹੇ ਕੇਸਾਂ ਦੀ ਗਿਣਤੀ ਕਾਰਨ 6 ਇਲਾਕਿਆਂ ਨੂੰ ਅੱਜ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਨ੍ਹਾਂ ਇਲਾਕਿਆਂ ’ਚ ਪਿਛਲੇਂ ਦੋ ਦਿਨਾਂ ’ਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਵਧੀ ਹੈ। ਸਿਹਤ ਵਿਭਾਗ ਨੇ ਪਹਿਲਾਂ ਮਾਡਲ ਟਾਊਨ, ਭਾਮੀਆ ਖੁਰਦ ਤੇ ਨਿਊ ਜਨਤਾ ਨਗਰ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਸੀ। ਸ਼ੁੱਕਰਵਾਰ ਨੂੰ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਣ ਕਾਰਨ ਅੱਜ ਸਿਹਤ ਵਿਭਾਗ ਨੇ ਸਮਰਾਟ ਕਲੋਨੀ ਗਿਆਸਪੁਰਾ, ਸਲੇਮ ਟਾਬਰੀ ਸਥਿਤ ਨਿਊ ਅਸ਼ੋਕ ਨਗਰ, ਨਿਊ ਕਰਤਾਰ ਨਗਰ ਸਲੇਮ ਟਾਬਰੀ, ਦੁੱਗਰੀ ਸਥਿਤ ਬਸੰਤ ਐਵੇਨਿਊ ਫੇਜ਼-2, ਗਿਆਸਪੁਰਾ ਦੇ ਗੁਰੂ ਹਰਕ੍ਰਿਸ਼ਨ ਨਗਰ ਤੇ ਸੰਗੀਤ ਸਿਨੇਮਾ ਵਿਸ਼ਵਕਰਮਾ ਕਲੋਨੀ ਦੇ ਸਾਹਮਣੇ ਪੈਂਦੇ ਰਾਮ ਨਗਰ ਨੂੰ ਵੀ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਸ਼ਨਿੱਚਵਾਰ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਕੀਤੇ ਗਏ ਇਲਾਕਿਆਂ ’ਚ ਸਿਰਫ਼ ਜ਼ਰੂਰੀ ਸਾਮਾਨ ਦੀ ਡਲਿਵਰੀ ਕੀਤੀ ਜਾਵੇਗੀ। ਬਾਕੀ ਦੇ ਬਾਜ਼ਾਰਾਂ ਨੂੰ ਬੰਦ ਕਰਵਾ ਦਿੱਤਾ ਜਾਵੇਗਾ। ਉਥੇ ਆਮ ਪਬਲਿਕ ਨੂੰ ਵੀ ਜਾਣ ਦੀ ਆਗਿਆ ਨਹੀਂ ਦਿੱਤਾ ਜਾ ਰਹੀ। ਇਨ੍ਹਾਂ ਇਲਾਕਿਆਂ ’ਚ ਦੁੱਧ, ਦਵਾਈਆਂ ਤੇ ਰਾਸ਼ਨ ਦੀ ਸਪਲਾਈ ਦੇ ਨਾਲ ਨਾਲ ਸਬਜ਼ੀ, ਫ਼ਲ ਤੇ ਹੋਰ ਰੋਜ਼ਮਰ੍ਹਾ ਦੀਆਂ ਚੀਜ਼ਾਂ ਹੀ ਸਪਲਾਈ ਕੀਤੀਆਂ ਜਾਣਗੀਆਂ। ਪ੍ਰਸ਼ਾਸਨ ਵੱਲੋਂ ਇਨ੍ਹਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਤੇ ਇਲਾਕਿਆਂ ’ਚ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲੀਸ ਦਾ ਪਹਿਰਾ ਬਿਠਾ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ’ਚ ਜੇ ਕੋਈ ਬਿਨਾਂ ਕੰਮ ਤੋਂ ਘੁੰਮਦਾ ਦਿਖਾਈ ਦਿੱਤਾ ਤਾਂ ਕਾਰਵਾਈ ਕੀਤੀ ਜਾਵੇਗੀ।