ਗਗਨਦੀਪ ਅਰੋੜਾ
ਲੁਧਿਆਣਾ, 17 ਨਵੰਬਰ
ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਦੇ ਕੇਸ ਮੁੜ ਤੋਂ ਵਧਣ ਦੇ ਬਾਵਜੂਦ ਕੋਵਿਡ ਸਬੰਧੀ ਸੈਂਪਲ ਲੈਣ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਕਾਫ਼ੀ ਘੱਟ ਗਈ ਹੈ। ਲੁਧਿਆਣਾ ਵਿਚ ਪਹਿਲਾਂ 4000 ਤੋਂ 5000 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਸਨ ਅਤੇ ਹੁਣ ਇਹ ਗਿਣਤੀ 1200 ਤੋਂ 1400 ਹੋ ਗਈ ਹੈ। ਅੱਜ ਵੀ 24 ਘੰਟੇ ਦੌਰਾਨ ਸਿਰਫ਼ 1280 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਇਸ ਦੇ ਨਾਲ ਹੀ ਅੱਜ ਜ਼ਿਲ੍ਹੇ ਵਿਚ ਕਰੋਨਾ ਨਾਲ ਫਿਰ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 92 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ।
ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਆਏ ਕਰੋਨਾ ਦੇ 92 ਕੇਸਾਂ ਤੋਂ ਬਾਅਦ ਹੁਣ ਲੁਧਿਆਣਾ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 21,580 ਹੋ ਗਈ ਹੈ, ਜਦਕਿ ਇਨ੍ਹਾਂ ਵਿਚੋਂ 19,932 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ ਤੇ ਹੁਣ ਮੌਜੂਦਾ ਸਮੇਂ ਵਿਚ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਤੇ ਘਰਾਂ ਵਿਚ 775 ਮਰੀਜ਼ਾਂ ਦਾ ਇਲਾਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ ਕਰੋਨਾ ਦੇ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਹੁਣ ਲੁਧਿਆਣਾ ਜ਼ਿਲ੍ਹੇ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 870 ਹੋ ਗਈ ਹੈ। ਸਿਵਲ ਸਰਜਨ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਇੱਕ ਵਾਰ ਫਿਰ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ, ਜਿਸ ਪਿੱਛੇ ਕਾਰਨ ਹੈ ਲੋਕਾਂ ਦਾ ਲਾਪ੍ਰਵਾਹ ਹੋਣਾ। ਉਨ੍ਹਾਂ ਕਿਹਾ ਕਿ ਲੋਕ ਲਾਪ੍ਰਵਾਹ ਹੋ ਕੇ ਬਿਨਾਂ ਮਾਸਕ ਤੋਂ ਹੀ ਭੀੜ ਭਾੜ ਵਾਲੀਆਂ ਥਾਵਾਂ ’ਤੇ ਘੁੰਮ ਰਹੇ ਹਨ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਕਰੋਨਾ ਨੇਮਾਂ ਦੀਆਂ ਹਦਾਇਨ ਮੰਨਣ ਦੀ ਅਪੀਲ ਕੀਤੀ ਹੈ।