ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਸਤੰਬਰ
ਬੀਤੇ ਕੁਝ ਦਿਨਾਂ ਤੋਂ ਕਰੋਨਾ ਵਾਇਰਸ ਦਾ ਗ੍ਰਾਫ਼ ਹੇਠਾਂ ਨੂੰ ਜਾ ਰਿਹਾ ਸੀ ਤੇ ਕੇਸਾਂ ਦੀ ਗਿਣਤੀ ਵੀ ਜ਼ੀਰੋ ਪੁੱਜ ਗਈ ਸੀ, ਵੀਰਵਾਰ ਨੂੰ ਇਸ ’ਚ ਇੱਕ ਦਮ ਉਛਾਲ ਦੇਖਣ ਨੂੰ ਮਿਲਿਆ। ਜ਼ਿਲ੍ਹੇ ਭਰ ’ਚ ਕਰੋਨਾ ਵਾਇਰਸ ਦੇ ਕੁੱਲ 10 ਨਵੇਂ ਕੇਸ ਸਾਹਮਣੇ ਆਏ ਹਨ। ਇਸ ’ਚੋਂ 9 ਕੇਸ ਲੁਧਿਆਣਾ ਨਾਲ ਸਬੰਧਤ ਹਨ, ਜਦੋਂ ਕਿ ਇੱਕ ਕੇਸ ਦੂਸਰੇ ਜ਼ਿਲ੍ਹੇ ਨਾਲ ਸਬੰਧਤ ਹੈ। ਇੱਕ ਦਿਨ ’ਚ 10 ਕੇਸ ਮਿਲਣ ਤੋਂ ਬਾਅਦ ਸਿਹਤ ਵਿਭਾਗ ’ਚ ਫਿਰ ਭਾਜੜਾਂ ਪੈ ਗਈਆਂ ਹਨ, ਕਿਉਂਕਿ ਇਸ ਸਮੇਂ ਲੋਕ ਕਰੋਨਾ ਨੂੰ ਲੈ ਕੇ ਲਾਪ੍ਰਵਾਹ ਹੋ ਚੁੱਕੇ ਹਨ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਹੁਣ ਲੋਕ ਸਮਾਜਿਕ ਦੂਰੀ ਤਾਂ ਦੂਰ ਦੀ ਗੱਲ ਹੈ, ਮਾਸਕ ਪਾਉਣਾ ਵੀ ਛੱਡ ਚੁੱਕੇ ਹਨ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਅਨੁਸਾਰ ਵੀਰਵਾਰ ਨੂੰ ਕਰੋਨਾ ਦੇ ਕੁੱਲ 10 ਨਵੇਂ ਕੇਸ ਮਿਲੇ ਹਨ, ਇਸ ’ਚੋਂ 9 ਕੇਸ ਲੁਧਿਆਣਾ ਨਾਲ ਸਬੰਧਤ ਹਨ। ਇਸ ’ਚ ਇੱਕ ਪੁਲੀਸ ਮੁਲਾਜ਼ਮ ਵੀ ਸ਼ਾਮਲ ਹੈ। ਇਸ ਤਰ੍ਹਾਂ ਹੁਣ ਕਰੋਨਾ ਵਾਇਰਸ ਦੇ ਕੁਲ ਕੇਸਾਂ ਦੀ ਗਿਣਤੀ 87479 ਹੋ ਗਈ ਹੈ। ਜੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ 22 ਐਕਟਿਵ ਕੇਸ ਹੋ ਚੁੱਕੇ ਹਨ। 12 ਕਰੋਨਾ ਪੀੜਤ ਇਸ ਵੇਲੇ ਘਰਾਂ ’ਚ ਇਕਾਂਤਵਾਸ ਹਨ। ਇੱਕ ਪੀੜਤ ਮਰੀਜ਼ ਹਸਪਤਾਲ ’ਚ ਭਰਤੀ ਹੈ। ਡਾ. ਆਹਲੂਵਾਲੀਆ ਨੇ ਕਿਹਾ ਕਿ ਕਰੋਨਾ ਵਾਇਰਸ ਨੂੰ ਲੈ ਕੇ ਬਿਲਕੁਲ ਲਾਪ੍ਰਵਾਹੀ ਨਹੀਂ ਦਿਖਾਉਣੀ ਚਾਹੀਦੀ, ਸਾਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ ਤੇ ਵਿਅਕਤੀਗਤ ਦੂਰੀ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ।