ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਮਈ
ਸਥਾਨਕ ਢੋਲੇਵਾਲ ਰਾਮਗੜ੍ਹੀਆ ਸ਼ਮਸ਼ਾਨਘਾਟ ਵਿੱਚ ਕਰੋਨਾ ਮਰੀਜ਼ਾਂ ਦੇ ਸਸਕਾਰ ਲਈ ਅੱਜ ਆਧੁਨਿਕ ਕਿਸਮ ਦੀ ਨਵੀਂ ਭੱਠੀ ਸ਼ੁਰੂ ਹੋ ਗਈ ਹੈ। ਇਸ ਭੱਠੀ ਨਾਲ ਸਸਕਾਰ ਲਈ ਸਮਾਂ ਅਤੇ ਗੈਸ ਦੀ ਖਪਤ ਪਹਿਲਾਂ ਚੱਲ ਰਹੀਆਂ ਭੱਠੀਆਂ ਦੇ ਮੁਕਾਬਲੇ ਕਾਫੀ ਘੱਟ ਹੋਵੇਗੀ। ਖਾਲਸਾ ਏਡ ਵਾਲਿਆਂ ਨੇ ਵੀ ਦਿੱਲੀ ਲਈ ਇਸ ਭੱਠੀ ਵਿੱਚ ਦਿਲਚਸਪੀ ਦਿਖਾਈ ਹੈ। ਸ਼ਮਸ਼ਾਨਘਾਟ ਪ੍ਰਧਾਨ ਨੇ ਕਰੋਨਾ ਮਰੀਜ਼ਾਂ ਦਾ ਸਸਕਾਰ ਕਰਨ ਵਾਲੇ ਵਾਲੰਟੀਅਰਾਂ ਲਈ ਪ੍ਰਸਾਸ਼ਨ ਨੂੰ ਡੀਸੀ ਰੇਟ ’ਤੇ ਤਨਖਾਹ ਦੇਣ ਦੀ ਅਪੀਲ ਕੀਤੀ ਹੈ।
ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰੋਨਾ ਮਰੀਜ਼ਾਂ ਦੇ ਬਹੁਤੇ ਸਸਕਾਰ ਢੋਲੇਵਾਲ ਦੀ ਸ਼ਮਸ਼ਾਨਘਾਟ ਵਿੱਚ ਕੀਤੇ ਜਾਂਦੇ ਹਨ। ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਦੇਖਦਿਆਂ ਸ਼ਮਸ਼ਾਨਘਾਟ ਵਿੱਚ ਅੱਜ ਆਧੁਨਿਕ ਤਕਨੀਕ ਨਾਲ ਤਿਆਰ ਭੱਠੀ ਸ਼ੁਰੂ ਕਰ ਦਿੱਤੀ ਗਈ ਹੈ। ਸਟੀਲ ਦੀ ਬਣੀ ਇਸ ਭੱਠੀ ਵਿੱਚ ‘ਗਲਾਸ ਵੂਲ’ ਦੀ ਛੇ ਇੰਚ ਮੋਟੀ ਤਹਿ ਬਣਾਈ ਗਈ ਹੈ। ਇਸ ਨਾਲ ਭੱਠੀ ਲੰਬਾ ਸਮਾਂ ਗਰਮ ਰਹਿੰਦੀ ਹੈ ਅਤੇ ਗੈਸ ਦੀ ਖੱਪਤ ਵੀ ਬਹੁਤ ਘੱਟ ਹੁੰਦੀ ਹੈ। ਇਸ ਭੱਠੀ ਨਾਲ ਸਸਕਾਰ ਲਈ ਵੀ ਅੱਧਾ ਕੁ ਘੰਟਾ ਹੀ ਲੱਗਦਾ ਹੈ। ਅੱਜ ਪਹਿਲੇ ਦਿਨ ਇਸ ਭੱਠੀ ਨਾਲ ਇੱਕ ਕਰੋਨਾ ਮਰੀਜ਼ ਦਾ ਸਸਕਾਰ ਕੀਤਾ ਗਿਆ।
ਕਰੀਬ ਢਾਈ ਲੱਖ ਦੀ ਕੀਮਤ ਵਾਲੀ ਇਸ ਪੱਠੀ ਦਾ ਡਿਜ਼ਾਇਨ ਸ਼ਮਸ਼ਾਨਘਾਟ ਦੇ ਪ੍ਰਧਾਨ ਅਤੇ ਜੀਐੱਸਟੀ ਗਰੁੱਪ ਦੇ ਪ੍ਰਬੰਧਕੀ ਡਾਇਰੈਕਟਰ ਰਣਜੋਧ ਸਿੰਘ ਦੀ ਟੀਮ ਨੇ ਤਿਆਰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਸ਼ਮਸ਼ਾਨਘਾਟਾਂ ਵਿੱਚ ਵੀ ਅਜਿਹੀਆਂ ਭੱਠੀਆਂ ਤਿਆਰ ਕਰਵਾ ਕਿ ਲਾਈਆਂ ਜਾਣ। ਉਨ੍ਹਾਂ ਵੱਲੋਂ ਲਾਗਤ ਕੀਮਤ ’ਤੇ ਹੀ ਇਹ ਭੱਠੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਰਾਮਗੜ੍ਹੀਆ ਸ਼ਮਸ਼ਾਨਘਾਟ ਦੇ ਪ੍ਰਧਾਨ ਰਣਜੋਧ ਸਿੰਘ ਨੇ ਦੱਸਿਆ ਕਿ ਇੱਥੇ ਹੁਣ ਤੱਕ ਕਰੋਨਾ ਨਾਲ ਮਰੇ 739 ਮਰੀਜ਼ਾਂ ਦਾ ਸਸਕਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 138 ਸਸਕਾਰ ਤਾਂ ਚੱਲ ਰਹੇ ਮਈ ਮਹੀਨੇ ਦੌਰਾਨ ਹੀ ਹੋਏ ਹਨ।