ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਮਈ
ਕਰੋਨਾ ਮਹਾਂਮਾਰੀ ਕਾਰਨ ਲੁਧਿਆਣਾ ਵਿਚ ਹੋ ਰਹੀਆਂਂ ਮੌਤਾਂ ਦੀ ਦਰ ’ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਬਦਕਿਸਮਤੀ ਨਾਲ ਪਿਛਲੇ 7 ਦਿਨਾਂ ਵਿਚ 168 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਲੁਧਿਆਣਾ ਵਿੱਚ ਪ੍ਰਤੀ ਦਿਨ 24 ਮੌਤਾਂ ਹੋਈਆਂ ਹਨ, ਜਿਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਕੁਝ ਲੋਕਾਂ ਵੱਲੋਂ ਲਾਪਰਵਾਹੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜੇ ਵੀ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਨੂੰ ਕਰੋਨਾ ਕਾਰਨ ਜਾਨਾਂ ਗੁਆ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਵੱਲ ਵੇਖਣਾ ਚਾਹੀਦਾ ਹੈ। ਡੀਸੀ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ। ਖ਼ਾਸਕਰ 100 ਸਾਲ ਪਹਿਲਾਂ ਸਪੈਨਿਸ਼ ਫਲੂ ਅਤੇ ਪਲੇਗ ਦੇ ਪ੍ਰਕੋਪ ਵੇਲੇ ਸਾਡੇ ਪੁਰਖਿਆਂ ਨੇ ਕਿਵੇਂ ਆਪਣੇ ਔਖੇ ਸਮੇਂ ਦੌਰਾਨ ਇਕੱਲਤਾ ਬਣਾਈ ਰੱਖੀ ਤੇ ਅੱਜ ਅਸੀਂ ਜਿੰਦਾ ਹਾਂ ਕਿਉਂਕਿ ਉਨ੍ਹਾਂ ਲੋਕਾਂ ਨੇ ਲੋਂੜੀਂਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਪ੍ਰਤੀ ਗੰਭੀਰਤਾ ਦਿਖਾਈ ਸੀ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਕਰੋਨਾ ਵਾਧੇ ਨੂੰ ਨਿਯੰਤਰਿਤ ਕਰਨ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਏਕਾਂਤਵਾਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਜਲੰਧਰ ਅਤੇ ਲੁਧਿਆਣਾ ਦੇ ਢਿੱਲ ਦੇ ਸਮੇਂ ਵਿੱਚ ਅੰਤਰ ਦੇ ਸਬੰਧ ਵਿੱਚ ਲੋਕਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਲੁਧਿਆਣਾ ਦੀ ਸਥਿਤੀ ਜਲੰਧਰ ਨਾਲੋਂ ਵਧੇਰੇ ਗੰਭੀਰ ਅਤੇ ਪੂਰੀ ਤਰ੍ਹਾਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪਹਿਲਾਂ ਹੀ ਆਪਣੀ ਚਰਮ ਸੀਮਾ ਵੇਖ ਚੁੱਕਾ ਹੈ ਅਤੇ ਹੁਣ ਉਥੇ ਹੌਲੀ-ਹੌਲੀ ਕੇਸ ਘੱਟ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਸੂਬੇ ਦਾ ਇੱਕ ਵੱਡਾ ਤੇ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ।