ਸਤਵਿੰਦਰ ਬਸਰਾ
ਲੁਧਿਆਣਾ, 8 ਮਈ
ਸੂਬਾ ਸਰਕਾਰ ਅਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਭਾਵੇਂ ਕਿ ਲੋਕਾਂ ਨੂੰ ਕਰੋਨਾਵਾਇਰਸ ਦੀ ਚੌਥੀ ਲਹਿਰ ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਸਨਅਤੀ ਸ਼ਹਿਰ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਵਧ ਰਹੀ ਭੀੜ ਵੱਲੋਂ ਇਨ੍ਹਾਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਕਰ ਕੇ ਵੱਡੀ ਗਿਣਤੀ ਲੋਕ ਖਰੀਦਦਾਰੀ ਕਰਨ ਲਈ ਬਾਜ਼ਾਰਾਂ ਵਿੱਚ ਆਉਂਦੇ ਹਨ। ਸੂਬੇ ਦੇ ਵਪਾਰਕ ਹੱਬ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਸਥਾਨਕ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਪਰਵਾਸੀ ਪਰਿਵਾਰ ਰਹਿੰਦੇ ਹਨ।
ਭਾਵੇਂ ਕਿ ਸ਼ਹਿਰ ਦੇ ਬਾਜ਼ਾਰਾਂ ਵਿੱਚ ਭੀੜ ਰੋਜ਼ਾਨਾ ਰਹਿੰਦੀ ਹੈ ਪਰ ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਕਰ ਕੇ ਇਸ ਦਿਨ ਭੀੜ ਆਮ ਦਿਨਾਂ ਨਾਲੋਂ ਕਈ ਗੁਣਾ ਵਧ ਜਾਂਦੀ ਹੈ। ਅੱਜ ਵੀ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਵਾਲਿਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਬਾਜ਼ਾਰ ਵਿੱਚ ਘੁੰਮ ਰਹੇ ਬਹੁਤੇ ਲੋਕਾਂ ਵੱਲੋਂ ਨਾ ਤਾਂ ਮੂੰਹ ’ਤੇ ਮਾਸਕ ਲਗਾਏ ਹੋਏ ਸਨ ਅਤੇ ਨਾ ਹੀ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦਾ ਖਿਆਲ ਰੱਖਿਆ ਜਾ ਰਿਹਾ ਸੀ। ਗਾਹਕਾਂ ਦੇ ਨਾਲ-ਨਾਲ ਦੁਕਾਨਦਾਰਾਂ ਵੱਲੋਂ ਵੀ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਸ਼ਹਿਰ ਦਾ ਚੌੜਾ ਬਾਜ਼ਾਰ ਹੀ ਨਹੀਂ ਸਗੋਂ ਘੁਮਾਰ ਮੰਡੀ, ਮਾਡਲ ਟਾਊਨ, ਫੀਲਡ ਗੰਜ, ਜਵਾਹਰ ਨਗਰ ਕੈਂਪ, ਸ਼ਿੰਗਾਰ ਸਿਨੇਮਾ ਰੋਡ, ਪੁਰਾਣੀ ਸਬਜ਼ੀ ਮੰਡੀ, ਕਿਤਾਬ ਬਾਜ਼ਾਰ ਆਦਿ ਵਿੱਚ ਵੀ ਭੀੜ ਦਾ ਇਹੋ ਹਾਲ ਸੀ।
ਉੱਧਰ, ਸਿਵਲ ਸਰਜਨ ਲੁਧਿਆਣਾ ਡਾ. ਐੱਸ.ਪੀ. ਸਿੰਘ ਨੇ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕਰੋਨਾ ਦੀ ਜਾਂਚ ਲਈ ਲਏ ਗਏ ਅੱਠ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚੋਂ ਸੱਤ ਮਾਮਲੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ ਜਦਕਿ ਇਕ ਮਾਮਲਾ ਹੋਰ ਰਾਜ/ਜ਼ਿਲ੍ਹੇ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਅੱਜ 3905 ਸੈਂਪਲ ਜਾਂਚ ਲਈ ਭੇਜੇ ਗਏ ਹਨ। ਡਾ. ਸਿੰਘ ਨੇ ਲੋਕਾਂ ਨੂੰ ਮਾਸਕ ਪਹਿਨਣ, ਉਚਿਤ ਦੂਰੀ ਬਣਾ ਕੇ ਰੱਖਣ, ਸਿਹਤ ਠੀਕ ਨਾ ਹੋਣ ’ਤੇ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।