ਪੱਤਰ ਪ੍ਰੇਰਕ
ਸਮਰਾਲਾ, 22 ਅਪਰੈਲ
ਕਰੋਨਾ ਮਹਾਮਾਰੀ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਨੇ ਜਿਥੇ ਆਈਲੈਟਸ ਕੇਂਦਰਾਂ ਅਤੇ ਕੋਚਿੰਗ ਸੈਂਟਰਾਂ ਦੇ ਸ਼ੱਟਰ ਡਾਊਨ ਕਰਕੇ ਸੰਚਾਲਕਾਂ ਨੂੰ ਮੁੜ ਆਰਥਿਕ ਬੋਝ ਹੇਠ ਲਿਆ ਖੜ੍ਹਾ ਕੀਤਾ ਹੈ, ਉਥੇ ਕੈਨੇਡਾ ਜਾਣ ਦੇ ਸੁਪਨੇ ਸੰਜੋਈ ਬੈਠੇ ਆਈਲੈਟਸ ਦੇ ਵਿਦਿਆਰਥੀ ਵੀ ਨਿਰਾਸ਼ਾ ਦੇ ਆਲਮ ’ਚ ਡੁੱਬ ਗਏ ਹਨ। ਸਰਕਾਰੀ ਹੁਕਮਾਂ ਮਗਰੋਂ ਪੁਲੀਸ ਪ੍ਰਸ਼ਾਸਨ ਵੱਲੋਂ ਨਿਯਮਾਂ ਉਲੰਘਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਸੰਕੇਤਾਂ ਤੋਂ ਨੇ ਆਈਲੈਟਸ ਕੇਂਦਰਾਂ ਤੇ ਕੋਚਿੰਗ ਸੰਸਥਾਵਾਂ ਦੀਆਂ ਪ੍ਰੇਸ਼ਾਨੀਆਂ ਦਾ ਘੇਰਾ ਹੋਰ ਵਧਾ ਦਿੱਤਾ ਹੈ, ਕਿਉਂਕਿ ਆਮਦਨ ਦੇ ਸਾਰੇ ਜ਼ਰੀਏ ਤਾਂ ਪਹਿਲਾਂ ਹੀ ਠੱਪ ਹੋ ਗਏ ਸਨ ਤੇ ਉਪਰੋਂ ਬੰਦ ਪਈਆਂ ਇਮਾਰਤਾਂ ਦਾ ਕਿਰਾਇਆ ਸੰਚਾਲਕਾਂ ਲਈ ਆਰਥਿਕ ਬੋਝ ਬਣ ਸਕਦਾ ਹੈ।
ਜੇਕਰ ਸਿਰਫ ਸਮਰਾਲਾ ਵਿੱਚ ਝਾਤੀ ਮਾਰੀ ਜਾਵੇ ਤਾਂ ਤਾਲਾਬੰਦੀ ਦੌਰਾਨ ਕਰੀਬ ਦੋ ਦਰਜਨ ਤੋਂ ਜ਼ਿਆਦਾ ਅਜਿਹੇ ਕੋਚਿੰਗ ਸੈਂਟਰ ਤੇ ਆਈਲੈਟਸ ਕੇਂਦਰ ਮਹੀਨਿਆਂ ਵਧੀ ਆਰਥਿਕ ਮੰਦਹਾਲੀ ਵਿਚੋਂ ਗੁਜ਼ਰੇ ਕਿਉਂਕਿ ਇਨ੍ਹਾਂ ਵਿੱਚੋਂ ਬਹੁਤੇ ਕੇਂਦਰਾਂ ਦਾ ਕਿਰਾਇਆ ਪ੍ਰਤੀ ਮਹੀਨਾ 20 ਹਜ਼ਾਰ ਤੋਂ ਲੈ ਕੇ 50 ਹਜ਼ਾਰ ਤੱਕ ਸੀ ਜੋ ਸੰਚਾਲਕਾਂ ਨੂੰ ਆਪਣੇ ਪੱਲਿਓਂ ਅਦਾ ਕਰਨਾ ਪਿਆ। ਕਰੋਨਾ ਦੀ ਮਾਰ ਨੇ ਕਈ ਆਈਲੈਟਸ ਤੇ ਕੋਚਿੰਗ ਸੈਂਟਰਾਂ ਨੂੰ ਪੱਕੇ ਤੌਰ ’ਤੇ ਹੀ ਜਿੰਦਰੇ ਵੀ ਮਰਵਾ ਦਿੱਤੇ।
ਇਸੇ ਦੌਰਾਨ ਸਰਕਾਰ ਵੱਲੋਂ ਆਈਲੈਟਸ ਸੈਂਟਰਾਂ ਨੂੰ 30 ਅਪਰੈਲ ਤੱਕ ਬੰਦ ਰੱਖੇ ਜਾਣ ਦੇ ਹੁਕਮਾਂ ਤੋਂ ਕਲਪੇ ਕੇਂਦਰ ਸੰਚਾਲਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ। ਸੰਚਾਲਕਾਂ ਨੇ ਦੱਸਿਆ ਕਿ ਇੱਕ ਮੰਗ ਪੱਤਰ ਤਿਆਰ ਕਰਕੇ ਉਸ ਵਿੰਚ ਵਿਦਿਆਥੀਆਂ ਅਤੇ ਸੰਸਥਾਵਾਂ ਦੇ ਹੋ ਰਹੇ ਨੁਕਸਾਨ ਦਾ ਵੇਰਵਾ ਦੇ ਕੇ ਮੰਗ ਕੀਤੀ ਜਾਵੇਗੀ ਕਿ ਇੱਕ ਨੀਤੀ ਤਿਆਰ ਕਰਦਿਆਂ ਉਸ ਤਹਿਤ ਕੇਂਦਰਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ।
ਪਾਬੰਦੀ ਦੀ ਥਾਂ ਸਾਰਥਕ ਹੱਲ ਲੱਭੇ ਜਾਣ: ਜਗਵਿੰਦਰ ਸਿੰਘ
ਦਸਮੇਸ਼ ਆਈਲੈਟਸ ਇੰਸਟੀਚਿਊਟ ਦੇ ਡਾਇਰੈਕਟਰ ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਵਿਡ ਤੋਂ ਬਚਾਅ ਲਈ ਆਈਲੈਟਸ ਕੇਂਦਰਾਂ ਨੂੰ ਬੰਦ ਕਰਨਾ ਸਹੀ ਨਹੀਂ ਹੈ। ਹੋਣਾ ਇਹ ਚਾਹੀਦਾ ਹੈ ਕਿ ਪਾਬੰਦੀ ਦੀ ਬਜਾਏ ਸਾਰਥਕ ਹੱਲ ਲੱਭਦੇ ਹੋਏ ਬੱਚਿਆਂ ਨੂੰ ਪੜ੍ਹਾਉਣ ਦੇ ਢੰਗ ਤਰੀਕੇ ਨੂੰ ਯੋਜਨਾਬੱਧ ਕੀਤਾ ਜਾਵੇ, ਜਿਵੇਂ ਕਿ ਸੈਨੀਟਾੲਜ਼ਰ ਦੀ ਵਰਤੋਂ ਦੇ ਨਾਲ-ਨਾਲ ਬੱਚੇ ਤੇ ਅਧਿਆਪਕ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ।