ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੂਨ
ਲੁਧਿਆਣਾ ’ਚ ਹੁਣ ਕਰੋਨਾ ਦੇ ਮਾਮਲੇ ਘੱਟਣ ਲੱਗੇ ਹਨ ਪਰ ਫਿਰ ਵੀ ਕਰੋਨਾ ਨਾਲ ਜਾਨ ਗਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਨਹੀਂ ਰਹੀ ਹੈ। ਸ਼ੁੱਕਰਵਾਰ ਨੂੰ ਜ਼ਿਲ੍ਹੇ ’ਚ 239 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਨਾਲ ਹੀ 10 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਲੁਧਿਆਣਾ ਨਾਲ ਸੰਬੰਧਤ 200 ਮਰੀਜ਼ ਹਨ, ਨਾਲ ਹੀ 10 ਜਾਨ ਗਵਾਉਣ ਵਾਲੇ ਲੋਕਾਂ ਵਿੱਚੋਂ 8 ਮਰੀਜ਼ ਲੁਧਿਆਣਾ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਰਹੀ। ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਈਆ ਨੇ ਦੱਸਿਆ ਕਿ ਲੁਧਿਆਣਾ ਨਾਲ ਸਬੰਧਤ 200 ਮਰੀਜ਼ਾਂ ਦੀਆਂ ਪਾਜ਼ੇਟਿਵ ਰਿਪੋਰਟਾਂ ਆਈਆਂ ਹਨ, ਜਿਸ ਤੋਂ ਬਾਅਦ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 85050 ਹੋ ਗਈ ਹੈ, ਜਿਨਾਂ ਵਿੱਚੋਂ 79965 ਮਰੀਜ਼ ਸਿਹਤਯਾਬ ਹੋ ਗਏ ਹਨ। ਮੌਜੂਦਾ ਸਮੇਂ ਵਿੱਚ 3604 ਐਕਟਿਵ ਮਰੀਜ਼ ਹਨ, ਜਿਨਾਂ ਵਿੱਚੋਂ 2462 ਮਰੀਜ਼ ਘਰਾਂ ਵਿਚ ਇਕਾਂਤਵਾਸ ਹਨ, 95 ਮਰੀਜ਼ ਸਰਕਾਰੀ ਹਸਪਤਾਲ ਤੇ 315 ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਹਨ। ਉਨ੍ਹਾਂ ਦੱਸਿਆ ਕਿ ਅੱਜ ਹੋਈਆਂ 8 ਮੌਤਾਂ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਵਿੱਚ ਕਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 2021 ਹੋ ਗਈ ਹੈ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਕਿਹਾ ਕਿ ਜ਼ਿਲ੍ਹੇ ’ਚ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਘੱਟ ਗਈ ਹੈ ਪਰ ਸਿਹਤ ਵਿਭਾਗ ਦੀਆਂ ਟੀਮਾਂ ਨਵੇਂ ਮਾਮਲਿਆਂ ਨੂੰ ਜ਼ੀਰੋ ਤੋਂ ਲੈ ਕੇ ਆਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ। ਡਾ. ਕਿਰਨ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਰੋਨਾ ਦੇ ਮਾਮਲਿਆਂ ’ਚ ਕਮੀ ਆਉਣ ਨਾਲ ਰਾਹਤ ਮਿਲ ਰਹੀ ਹੈ ਤਾਂ ਉਸਨੂੰ ਦੇਖ ਕੇ ਲਾਪ੍ਰਵਾਹੀ ਵਰਤਣੀ ਬਿਲਕੁਲ ਸ਼ੁਰੂ ਨਾ ਕਰਨ।