ਗਗਨਦੀਪ ਅਰੋੜਾ
ਲੁਧਿਆਣਾ, 8 ਜੁਲਾਈ
ਸਨਅਤੀ ਸ਼ਹਿਰ ਵਿਚ ਕਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ, ਸਰਕਾਰ ਤੇ ਪ੍ਰਸ਼ਾਸਨ ਦੀ ਅਪੀਲਾਂ ਦੇ ਬਾਵਜੂਦ ਕਰੋਨਾ ਦੇ ਕੇਸ ਰੁੱਕਣ ਦਾ ਨਾਂ ਨਹੀਂ ਲੈ ਰਹੇ। ਬੁੱਧਵਾਰ ਨੂੰ ਸਨਅਤੀ ਸ਼ਹਿਰ ਵਿਚ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਨੀਰੂ ਕਤਿਆਲ ਦੇ ਸਣੇ 48 ਨਵੇਂ ਮਰੀਜ਼ ਸਾਹਮਣੇ ਆਏ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਮੌਜੂਦਾ ਸਮੇਂ ਵਿਚ ਵੀ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 556 ਮਰੀਜ਼ਾਂ ਦਾ ਇਲਾਜ ਜਾਰੀ ਹੈ। ਇਸ ਦੇ ਨਾਲ ਹੀ ਡਾਬਾ ਲੁਹਾਰਾ ਰੋਡ ਵਾਸੀ ਇੱਕ 54 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 39737 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 38721 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 37306 ਨਤੀਜੇ ਨੈਗੇਟਿਵ ਆਏ ਹਨ, ਜਦਕਿ 1016 ਰਿਪੋਰਟਾਂ ਦੀ ਰਿਪੋਰਟ ਆਉਣੀ ਬਾਕੀ ਹੈ। ਮੌਜੂਦਾ ਸਮੇਂ ਜ਼ਿਲ੍ਹੇ ਨਾਲ ਸੰਬੰਧਤ 1181 ਮਾਮਲੇ ਪਾਜ਼ੇਟਿਵ ਹਨ, ਜਦਕਿ 234 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ।
ਉਨ੍ਹਾਂ ਕਿਹਾ ਕਿ 28 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 27 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ। ਅੱਜ ਆਈਆਂ ਰਿਪੋਰਟਾਂ ਵਿਚ ਭਾਮੀਆਂ ਖੁਰਦ ਤੋਂ 7, ਮੁੰਡੀਆਂ ਖੁਰਦ ਤੋਂ 1, ਬਚਿੱਤਰ ਨਗਰ ਜਮਾਲਪੁਰ ਤੋਂ 1, ਤਾਜਪੁਰ ਰੋਡ 1, ਮੁਰਾਦਪੁਰ ਤੋਂ 1, ਯੂਪੀ ਤੋਂ ਆਇਆ ਇੱਕ, ਜਨਕਪੁਰੀ ਇਲਾਕੇ ਤੋਂ 1, ਢੋਕਾਂ ਮੁਹੱਲਾ ਤੋਂ 2,ਚੀਮਾ ਚੌਕ ਤੋਂ 3, ਕੋਟ ਆਲਮਗੀਰ ਤੋਂ 1, ਈਡਬਲੂਐਸ ਕਲੋਨੀ ਤੋਂ 1, ਹਿੰਦੀ ਬਾਜ਼ਾਰ ਤੋਂ 1, ਜਨਤਾ ਨਗਰ ਤੋਂ 1, ਡੇਹਲੋਂ ਤੋਂ 2, ਨਿਊ ਸ਼ਕਤੀ ਨਗਰ ਤੋਂ 1, ਅਗਰ ਨਗਰ ਤੋਂ 1, ਸਿਧਵਾਂ ਬੇਟ ਤੋਂ 1, ਖੰਨਾ ਤੋਂ 8, ਹੈਬੋਵਾਲ ਤੋਂ 1, ਪਿੰਡ ਵਲੀਪੁਰ ਤੋਂ 1, ਜਗਰਾਉਂ ਤੋਂ 1, ਪੁਰਾਣੀ ਮਾਧੋਪੁਰੀ ਤੋਂ 1, ਰਿਸ਼ੀ ਨਗਰ ਤੋਂ 3, ਸਾਹਨੇਵਾਲ ਤੋਂ 1, ਨਿਊ ਕੁੰਦਨਪੁਰੀ ਤੋਂ 1 ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਏਡੀਸੀ ਨੂੰ ਮਿਲਣ ਵਾਲੇ ਲੋਕਾਂ ਦੀ ਲਿਸਟ ਤਿਆਰ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਸਬ-ਡਿਵੀਜ਼ਨ ਜਗਰਾਉਂ ਵਿੱਚ ਅੱਜ ਬਾਅਦ ਦੁਪਹਿਰ ਜਦੋਂ ਸ਼ਹਿਰ ਵਾਸੀਆਂ ਨੂੰ ਵਧੀਕ ਕਮਿਸ਼ਨਰ ਨੀਰੂ ਕਤਿਆਲ ਕਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਤਾਂ ਲੋਕ ਦਫ਼ਤਰੀ ਅਮਲੇ ਨੂੰ ਫੋਨ ਘੁੰਮਾਉਣ ਲੱਗੇ। ਸਿਹਤ ਵਿਭਾਗ ਨੇ ਵਧੀਕ ਕਮਿਸ਼ਨਰ ਦਾ ਦਫ਼ਤਰ ਅਗਲੇ ਹੁੱਕਮਾਂ ਤੱਕ ਬੰਦ ਕਰਨ ਉਪਰੰਤ ਸਾਰਾ ਅਮਲਾ ਇਕਾਂਤਵਾਸ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ। ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਵਧੀਕ ਕਮਿਸ਼ਨਰ ਨੀਰੂ ਕਤਿਆਲ ਨੇ ਸਰੀਰਕ ਢਿੱਲ-ਮੱਸ ਕਾਰਨ ਦਿਆ ਨੰਦ ਹਸਪਤਾਲ ਲੁਧਿਆਣੇ ਕਰੋਨਾਂ ਜਾਂਚ ਲਈ ਸੈਂਪਲ ਦਿੱਤੇ ਸਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਵਧੀਕ ਕਮਿਸ਼ਨਰ ਨੀਰੂ ਕਤਿਆਲ ਬਿਨਾਂ ਦੇਰੀ ਕੀਤੇ ਇਕਾਂਤਵਾਸ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੇ ਦਫ਼ਤਰ ਨਾਲ ਸਬੰਧਤ 8 ਮੁਲਾਜ਼ਮਾਂ ਨੂੰ ਵੀ ਵਿਭਾਗ ਨੇ ਇਕਾਂਤਵਾਸ ਕਰ ਦਿੱਤਾ। ਸਥਾਨਕ ਸਿਵਲ ਹਸਪਤਾਲ ਵਿੱਚ ਪੁਲੀਸ ਵਿਭਾਗ ਨਾਲ ਸੰਬੰਧਤ 7 ਪਾਜ਼ੇਟਿਵ ਮਰੀਜ਼ਾਂ ਸਮੇਤ 15 ਵਿਅਕਤੀ ਇਕਾਂਤਵਾਸ ਹਨ। ਇਸ ਤੋਂ ਇਲਾਵਾ ਵਧੀਕ ਕਮਿਸ਼ਨਰ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ।