ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਸਤੰਬਰ
ਲੁਧਿਆਣਾ ਜ਼ਿਲ੍ਹੇ ਨੂੰ ਅੱਜ 1.29 ਲੱਖ ਕੋਵਿਡ-19 ਵੈਕਸੀਨ ਖੁਰਾਕਾਂ ਦਾ ਨਵਾਂ ਸਟਾਕ ਮਿਲ ਗਿਆ। ਵੀਰਵਾਰ ਨੂੰ 2.5 ਮਿਲੀਅਨ ਟੀਕਾਕਰਨ ਦੇ ਅੰਕੜੇ ਨੂੰ ਪਾਰ ਕਰ ਲਿਆ ਜਾਵੇਗਾ। ਆਪਣੇ ਹਫ਼ਤਾਵਾਰੀ ਲਾਈਵ ਸੈਸ਼ਨ ’ਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਵੱਲੋਂ ਟੀਕਾਕਰਨ ਮੁਹਿੰਮ ਤਹਿਤ 2,42,3,128 ਲੋਕਾਂ ਦੀ ਵੈਕਸੀਨੇਸ਼ਨ ਕੀਤੀ ਗਈ ਹੈ ਅਤੇ 16 ਸਤੰਬਰ ਨੂੰ ਜ਼ਿਲ੍ਹੇ ਭਰ ਵਿੱਚ ਮੈਗਾ ਟੀਕਾਕਰਨ ਮੁਹਿੰਮ ਤਹਿਤ 270 ਸੈਸ਼ਨ ਸਾਈਟਾਂ ’ਤੇ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਸਦੇ ਤਹਿਤ ਕੁੱਲ ਵਸਨੀਕਾਂ ਦੇ 25 ਲੱਖ ਟੀਕਾਕਰਨ ਦਾ ਅੰਕੜਾ ਪਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 24 ਘੰਟਿਆਂ ਦੇ ਅੰਦਰ ਖੁਰਾਕਾਂ ਦੀ ਪੂਰੀ ਸਪਲਾਈ ਦੀ ਵਰਤੋਂ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੁਧਿਆਣਾ ਹੁਣ ਤੱਕ ਦੀ ਸਭ ਤੋਂ ਤੇਜ਼ ਟੀਕਾਕਰਨ ਮੁਹਿੰਮ ਸਦਕਾ ਪਹਿਲੇ ਨੰਬਰ ’ਤੇ ਡਟਿਆ ਖੜ੍ਹਾ ਹੈ। ਉਨ੍ਹਾਂ ਕਿਹਾ ਕਿ 16 ਜਨਵਰੀ ਨੂੰ ਟੀਕਾਕਰਨ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਲੋਕਾਂ ਦੀ ਜਲਦ ਕਵਰੇਜ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਲਗਾਤਾਰ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਵੈਕਸੀਨ ਵਾਇਰਸ ਨੂੰ ਰੋਕਣ ਦਾ ਇਕੋਂ ਇਕ ਰਸਤਾ ਹੈ ਅਤੇ ਇਸ ਨਾਲ ਸਮਾਜ ਨੂੰ ਛੇਤੀ ਹੀ ਸਾਧਾਰਨਤਾ ਵੱਲ ਪਰਤਣ ਵਿੱਚ ਸਹਾਇਤਾ ਮਿਲੇਗੀ।