ਦਵਿੰਦਰ ਜੱਗੀ
ਪਾਇਲ, 30 ਅਗਸਤ
ਫੂਲੇ ਸ਼ਾਹੂ-ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਧਾਨ ਸਭਾ ਹਲਕਾ ਪਾਇਲ ਤੇ ਪਿੰਡਾਂ ਵਿਚ ਪੋਲ-ਖੋਲ੍ਹ-ਸਥ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ, ਸਿਆਸੀ ਆਗੂਆਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਪੁੱਛਣ ਲਈ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕ ਸਿਆਸੀ ਆਗੂਆਂ ਵੱਲੋਂ ਕੀਤੇ ਵਾਅਦੇ ਅਤੇ ਦਾਅਵੇ ਪ੍ਰਤੀ ਸਵਾਲ ਕਰ ਸਕਣ। ਇਸੇ ਲੜੀ ਤਹਿਤ ਪਿੰਡ ਘਲੋਟੀ, ਘੁਡਾਣੀ ਕਲਾ, ਘੁਡਾਣੀ ਖ਼ੁਰਦ, ਰਾਣੋਂ,ਧਮੋਟ ਵਿਚ ‘ਪੋਲ ਖੋਲ੍ਹ ਸੱਥ’ ਰਾਹੀਂ ਪ੍ਰੋਗਰਾਮ ਕੀਤੇ ਗਏ। ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਝੂਠ ਦਾ ਪੁਲੰਦਾ ਚੋਣ ਮੈਨੀਫੈਸਟੋ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਬਣਾਇਆ ਜਾਂਦਾ ਹੈ ਜਾਂ ਤਾਂ ਉਸ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣਾ ਚਾਹੀਦਾ ਹੈ। ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਜੋ ਰਾਜਨੀਤਿਕ ਪਾਰਟੀ ਪੂਰਾ ਨਹੀਂ ਕਰਦੀ ਤਾਂ ਉਸ ਪਾਰਟੀ ਦੀ ਮਾਨਤਾ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਚੋਣ ਲੜ ਕੇ ਮੌਜਾਂ ਕਰਨ ਵਾਲੇ ਆਗੂਆਂ ਨੂੰ ਵੀ ਸਵਾਲ ਕਰਕੇ ਜਵਾਬ ਮੰਗਣੇ ਚਾਹੀਦੇ ਹਨ । ਇਸ ਮੌਕੇ ਬਲਜੀਤ ਸਿੰਘ ਜੱਲਾ, ਹਰਦੀਪ ਸਿੰਘ ਚੀਮਾ, ਪਰਮੇਸ਼ਵਰ ਸਿੰਘ, ਕੁਲਦੀਪ ਕਟਾਰੀਆ, ਗੁਰਪ੍ਰੀਤ ਸਿੰਘ, ਨਗਿੰਦਰ ਨਾਗਾ ਆਦਿ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਸ਼ਾਮਲ ਸਨ।