ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਪਰੈਲ
ਧਾਰਮਿਕ ਜਥੇਬੰਦੀਆਂ ਦੇ ਸਦੇ ’ਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੇ ਹਾਈਕੋਰਟ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਕਲੀਨ ਚਿੱਟ ਦੇਣ ਦੇ ਫੈ਼ਸਲੇ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਜਤਾਇਆ। ਪਾਰਟੀ ਵੱਲੋਂ ਗਿੱਲ ਨਹਿਰ ਪੁੱਲ ’ਤੇ ਪਾਰਟੀ ਦੇ ਜਥੇਬੰਦਕ ਸਕੱਤਰ ਬਲਦੇਵ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਫੈ਼ਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਸੂਬਾ ਸਰਕਾਰ ਤੋਂ ਬੇਅਦਬੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਾਸ ਤੌਰ ’ਤੇ ਪੁੱਜੇ। ਵਿਧਾਇਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 2017 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇਗਾ, ਪਰ ਪੰਜ ਸਾਲ ਬੀਤਣ ਮਗਰੋਂ ਵੀ ਇਹ ਵਾਅਦਾ ਵਫ਼ਾ ਨਹੀਂ ਹੋਇਆ।
ਸ੍ਰੀ ਬੈਂਸ ਨੇ ਦੋਸ਼ ਲਗਾਏ ਕਿ ਹਾਈ ਕੋਰਟ ਦਾ ਜੱਜ ਜਿਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਕਿਹਾ ਸੀ ਕਿ ਉਹ ਸਿਆਸੀ ਦਬਾਓ ਹੇਠ ਆ ਗਿਆ ਹੈ। ਜੇਕਰ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਜੱਜ ਦਬਾਓ ਹੇਠ ਫੈ਼ਸਲਾ ਲੈ ਰਿਹਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਅਗਲੀ ਕਾਰਵਾਈ ਕਿਉਂ ਨਹੀਂ ਕਰਦੇ? ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਸਿਟ ਵੱਲੋਂ ਕੀਤੀ ਗਈ ਜਾਂਚ ਨੂੰ ਵਿਧਾਨ ਸਭਾ ਦਾ ਹੰਗਾਮੀ ਇਜਲਾਸ ਸਦ ਕੇ ਬਹਿਸ ਕੀਤੀ ਜਾਣੀ ਚਾਹੀਦੀ ਹੈ ਤੇ ਜੋ ਸਿੱਟਾ ਨਿਕਲੇ ਉਹ ਪ੍ਰਸਤਾਵ ਪਾਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਅਤੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਇਹ ਇਕ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਬੈਂਸ ਨੇ ਕਿਹਾ ਕਿ ਕਿ ਜਿਹੜੇ ਸਿੱਟ ਰੱਦ ਹੋਣ ’ਤੇ ਭੰਗੜਾ ਪਾ ਰਹੇ ਹਨ, ਅਸਲ ਦੋਸ਼ੀ ਉਹ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਕਰਨ ਵਾਲੇ ਅਤੇ ਉਨ੍ਹਾਂ ਨੂੰ ਬਚਾਉਣ ਵਾਲੇ ਬਰਾਬਰ ਦੇ ਦੋਸ਼ੀ ਹਨ ਅਤੇ ਸੰਗਤ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ। ਇਸ ਮੌਕੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਅਤੇ ਵਿਦਿਆਰਥੀ ਵਿੰਗ ਸਟੂਡੈਂਟ ਇਨਸਾਫ ਮੋਰਚਾ ਪੰਜਾਬ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ ਰਾਜੇਸ਼ ਖੋਖਰ, ਹਲਕਾ ਪੂਰਬੀ ਦੇ ਇੰਚਾਰਜ ਐਡ. ਗੋਰਜੋਧ ਸਿੰਘ ਗਿੱਲ, ਕੋਂਸਲਰ ਹਰਵਿੰਦਰ ਸਿੰਘ ਕਲੇਰ, ਸਰਪੰਚ ਜੁਝਾਰ ਸਿੰਘ, ਕੁਲਜਿੰਦਰ ਸਿੰਘ ਨਿੱਕੂ, ਤੇਜਵੰਤ ਸਿੰਘ, ਗੁਮੁੱਖ ਸਿੰਘ, ਡਾ. ਪਲਵਿੰਦਰ ਸਿੰਘ, ਹਰਦੀਪ ਸਿੰਘ ਸਾਜਨ, ਅਮ੍ਰਿਤਪਾਲ ਸਿੰਘ ਬਿੱਲਾ, ਜਗਜੀਤ ਸਿੰਘ ਦਾਸੂਵਾਲ, ਅਜੀਤ ਸਿੰਘ ਸੌਹੀ, ਲਖਵੀਰ ਸਿੰਘ ਸੰਧੂ ਹਾਜ਼ਰ ਸਨ।