ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਮਾਰਚ
ਹਲਕਾ ਸਮਰਾਲਾ ਤੋਂ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਜਿੱਤ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਮੇਰੀ ਜਿੱਤ ਦਾ ਮੁਖ ਕਾਰਨ ਮੇਰੇ ਵਰਕਰਾਂ ਅਤੇ ਹਲਕਾ ਸਮਰਾਲਾ ਦੇ ਲੋਕਾਂ ਵਲੋਂ ਇਹ ਚੋਣ ਲੜੀ ਗਈ ਹੈ ਜਿਸ ਕਾਰਨ ਉਹ 30,589 ਵੋਟਾਂ ਨਾਲ ਜਿੱਤੇ ਹਨ। ਹਲਕਾ ਸਮਰਾਲਾ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾਣਗੇ ਅਤੇ ਜੋ ਵੀ ਇਲਾਕੇ ਦੇ ਲੋਕਾਂ ਦੀਆਂ ਪ੍ਰਮੁੱਖ ਮੰਗਾਂ ਹਨ ਉਨ੍ਹਾਂ ਨੂੰ ਪੂਰਾ ਕਰਨਾ ਮੁੱਖ ਉਦੇਸ਼ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਸ਼ਿਵ ਕੁਮਾਰ ਸ਼ਿਵਲੀ, ਜਗਮੀਤ ਸਿੰਘ ਮੱਕੜ, ਸੁਖਵਿੰਦਰ ਸਿੰਘ ਮੱਕੜ, ਪ੍ਰਵੀਨ ਮੱਕੜ, ਨਗਿੰਦਰ ਸਿੰਘ ਮੱਕੜ, ਜਸਵੀਰ ਸਿੰਘ ਗਿੱਲ, ਰਣਵੀਰ ਰਾਹੀ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਹਲਕਾ ਸਮਰਾਲਾ ਤੋਂ ਇੱਕ ਆਮ ਆਦਮੀ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਪਰ ਸਾਡਾ ਮੁਕਾਬਲਾ ਵਿਰੋਧੀ ਸਿਆਸੀ ਪਾਰਟੀਆਂ ਦੇ ਉਮੀਦਵਾਰ ਸ਼ਰਮਾਏਦਾਰਾਂ ਨਾਲ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਐਨਾ ਪਿਆਰ ਦਿੱਤਾ ਕਿ ਸ਼ਰਮਾਏਦਾਰਾਂ ਨੂੰ ਨਾਕਾਰ ਕੇ ਇੱਕ ਆਮ ਆਦਮੀ ਜਗਤਾਰ ਸਿੰਘ ਦਿਆਲਪੁਰਾ ਨੂੰ ਵੱਡੀ ਜਿੱਤ ਦਿੱਤੀ। ਸਾਬਕਾ ਵਿਧਾਇਕ ਖੀਰਨੀਆਂ ਨੇ ਕਿਹਾ ਕਿ ਹਲਕਾ ਸਮਰਾਲਾ ਦੇ ਸਮੂਹ ‘ਆਪ’ ਵਰਕਰ ਅਤੇ ਮੈਂ ਵਿਧਾਇਕ ਦਿਆਲਪੁਰਾ ਨਾਲ ਰਲ ਕੇ ਹਲਕੇ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਾਂਗੇ।
ਸਮਰਾਲਾ (ਪੱਤਰ ਪ੍ਰੇਰਕ): ਹਲਕਾ ਸਮਰਾਲਾ ਤੋਂ 30 ਹਜ਼ਾਰ 580 ਵੋਟਾਂ ਦੇ ਭਾਰੀ ਫਰਕ ਨਾਲ ਜੇਤੂ ਰਹੇ ‘ਆਪ’ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੀ ਇਸ ਇਤਿਹਾਸਕ ਜਿੱਤ ਨੂੰ ਹਲਕੇ ਦੇ ਲੋਕਾਂ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਸ ਉਮੀਦ ਅਤੇ ਸੋਚ ਨਾਲ ਲੋਕਾਂ ਨੇ ਉਸ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਉਸ ’ਤੇ ਉਹ ਪੂਰਾ ਖਰਾ ਉਤਰਨਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਪੰਜਾਬ ਦੀ ਇੱਕ ਨਵੀਂ ਤਕਦੀਰ ਅਤੇ ਤਸਵੀਰ ਸਾਹਮਣੇ ਆਵੇਗੀ ਤੇ ਇਸ ਸੂਬੇ ਦੀ ਖੁਸ਼ਹਾਲੀ ਲਈ ਆਮ ਆਦਮੀ ਪਾਰਟੀ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।
‘‘ਉਮੀਦ ਨਹੀਂ ਸੀ ਕਿ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਾਂਗਾ’’
ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਉਹ ਇਹ ਚੋਣ ਕਰੀਬ 20 ਹਜ਼ਾਰ ਵੋਟਾਂ ਨਾਲ ਜਿੱਤਣਗੇ ਪਰ ਲੋਕਾਂ ਨੇ ਐਨਾ ਪਿਆਰ ਦਿੱਤਾ ਕਿ ਉਹ ਉਮੀਦ ਤੋਂ ਕਿਤੇ ਜ਼ਿਆਦਾ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਹਲਕਾ ਸਮਰਾਲਾ ’ਚ ਇਤਿਹਾਸ ਰਚ ਦਿੱਤਾ। ਹਲਕਾ ਸਮਰਾਲਾ ਦੇ ਨਵੇਂ ਵਿਧਾਇਕ ਜਗਤਾਰ ਦਿਆਲਪੁਰਾ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਬਹੁਤ ਤੰਗ ਹੋ ਚੁੱਕੇ ਸਨ ਜਿਨ੍ਹਾਂ ਨੇ ਇੱਕ ਤਰਫ਼ਾ ਫ਼ਤਵਾ ਦੇ ਕੇ ‘ਆਪ’ ਨੂੰ ਸੱਤਾ ਵਿਚ ਲਿਆਂਦਾ ਅਤੇ ਸਾਡੀ ਪਾਰਟੀ ਲੋਕਾਂ ਦੀਆਂ ਆਸਾਂ ’ਤੇ ਖ਼ਰਾ ਉਤਰੇਗੀ।