ਗਗਨਦੀਪ ਅਰੋੜਾ
ਲੁਧਿਆਣਾ, 24 ਅਗਸਤ
ਮੋਚਪੁਰਾ ਬਾਜ਼ਾਰ ’ਚ ਮੰਗਲਵਾਰ ਦੀ ਸਵੇਰੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗੁਰਦੁਆਰੇ ਅੰਦਰ ਜਾਣ ਵਾਲੇ ਰਸਤੇ ’ਤੇ ਸੇਵਾਦਾਰ ਨੇ ਗੇਟ ਹਟਾ ਕੇ ਸ਼ਟਰ ਲਵਾ ਦਿੱਤਾ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਪੁਲੀਸ ਦੀ ਨਿਗਰਾਨੀ ’ਚ ਇਹ ਸ਼ਟਰ ਲੱਗਿਆ ਹੈ। ਦੁਕਾਨਦਾਰਾਂ ਨੇ ਇਸ ਦੇ ਵਿਰੋਧ ਵਜੋਂ ਮਾਰਕੀਟ ਬੰਦ ਕਰ ਕੇ ਸੁਭਾਨੀ ਬਿਲਡਿੰਗ ਚੌਕ ’ਚ ਧਰਨਾ ਲਾ ਦਿੱਤਾ। ਦੋ ਘੰਟੇ ਤੱਕ ਚਾਰੇ ਪਾਸਿਓਂ ਚੌਕ ਬੰਦ ਕਰ ਕੇ ਰਸਤਾ ਜਾਮ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-3 ਅਤੇ 2 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੇ।
ਇਸ ਦੌਰਾਨ ਉੱਥੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਗਮੋਹਨ ਸ਼ਰਮਾ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ, ਅਕਾਲੀ ਦਲ ਦੇ ਮਨਪ੍ਰੀਤ ਸਿੰਘ ਮੰਨਾ ਤੇ ਭਾਜਪਾ ਤੋਂ ਗੌਰਵਜੀਤ ਸਿੰਘ ਗੋਰਾ ਪੁੱਜ ਗਏ। ਉਨ੍ਹਾਂ ਨੇ ਜਾਮ ਲਾਈ ਰੱਖਿਆ। ਦੋ ਘੰਟੇ ਬਾਅਦ ਇਲਾਕਾ ਵਿਧਾਇਕ ਸੁਰਿੰਦਰ ਡਾਬਰ ਮੌਕੇ ’ਤੇ ਪੁੱਜੇ। ਉਨ੍ਹਾਂ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨਾਲ ਗੱਲ ਕੀਤੀ ਤੇ ਮੁਲਾਕਾਤ ਦਾ ਸਮਾਂ ਮੰਗਿਆ। ਇਸ ’ਤੇ ਪੁਲੀਸ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕਰਨਗੇ। ਇਸ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ।
ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਿਸ ਜਗ੍ਹਾ ’ਤੇ ਗੁਰਦੁਆਰੇ ਦੀ ਉਸਾਰੀ ਹੋਈ ਸੀ, ਉਹ ਵਕਫ਼ ਬੋਰਡ ਦੀ ਜਗ੍ਹਾ ਸੀ, ਜਿਸ ’ਤੇ ਸਾਰਿਆਂ ਦੀ ਸਹਿਮਤੀ ਨਾਲ ਗੁਰਦੁਆਰਾ ਬਣਾਇਆ ਗਿਆ ਸੀ। ਉਹ ਕਾਫ਼ੀ ਪੁਰਾਣਾ ਗੁਰਦੁਆਰਾ ਹੈ। ਇੱਥੇ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਸੇਵਾ ਕਰਦਾ ਸੀ ਤੇ ਉੱਥੇ ਹੀ ਰਹਿੰਦਾ ਸੀ। ਕੁਝ ਸਾਲਾਂ ਤੋਂ ਸੇਵਾਦਾਰ ਬਣ ਕੇ ਬੈਠੇ ਵਿਅਕਤੀ ਨੇ ਕੁਝ ਲੋਕਾਂ ਦੀ ਮਦਦ ਨਾਲ ਗੁਰਦੁਆਰੇ ਦੀ ਜਗ੍ਹਾ ’ਤੇ ਆਪਣਾ ਕਬਜ਼ਾ ਮੰਨ ਲਿਆ। ਇੱਕ ਸਾਲ ਤੋਂ ਇਸ ਦਾ ਵਿਵਾਦ ਚੱਲ ਰਿਹਾ ਹੈ। ਪਹਿਲਾਂ ਵੀ ਰਸਤਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਪੁਲੀਸ ਦੇ ਦਖ਼ਲ ਤੋਂ ਬਾਅਦ ਮਾਰਕੀਟ ਦੇ ਲੋਕਾਂ ਨੂੰ ਅੰਦਰ ਮੱਥਾ ਟੇਕਣ ਦੀ ਆਗਿਆ ਦਿੱਤੀ ਗਈ। ਗੁਰਪ੍ਰੀਤ ਖੁਰਾਣਾ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਕੇਸ ਵੀ ਦਰਜ ਹੋਇਆ ਸੀ। ਰਾਤ ਤੱਕ ਸਭ ਠੀਕ ਸੀ ਤੇ ਸਵੇਰੇ ਤਿੰਨ ਤੋਂ ਚਾਰ ਵਜੇ ਦੇ ਵਿੱਚ ਗੇਟ ਹਟਾ ਕੇ ਸ਼ਟਰ ਲਾ ਕੇ ਰਸਤਾ ਬੰਦ ਕਰ ਦਿੱਤਾ ਗਿਆ। ਜਦੋਂ ਇਸ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਉਹ ਧਰਨੇ ’ਤੇ ਬੈਠ ਗਏ। ਗੁਰੂ ਘਰ ਦੇ ਨਾਲ ਹੋਈ ਬੇਅਦਬੀ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਆਗੂ ਪੁੱਜ ਗਏ।
ਮਾਮਲਾ ਵਧਦਾ ਦੇਖ ਵਿਧਾਇਕ ਸੁਰਿੰਦਰ ਡਾਬਰ ਵੀ ਉੱਥੇ ਆ ਗਏ। ਉਨ੍ਹਾਂ ਨੇ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਬਾਰੇ ਪੁੱਛਿਆ, ਪਰ ਉਹ ਕੋਈ ਜਵਾਬ ਨਹੀਂ ਦੇ ਪਾਏ। ਉਨ੍ਹਾਂ ਪੁਲੀਸ ਕਮਿਸ਼ਨਰ ਨਾਲ ਫੋਨ ’ਤੇ ਗੱਲ ਕੀਤੀ ਤੇ ਮਿਲ ਕੇ ਸ਼ਿਕਾਇਤ ਦੇਣ ਦੀ ਗੱਲ ਕੀਤੀ। ਪੁਲੀਸ ਕਮਿਸ਼ਨਰ ਵੱਲੋਂ ਜਾਂਦੇ ਦੇ ਭਰੋਸੇ ਮਗਰੋਂ ਧਰਨਾ ਖ਼ਤਮ ਕੀਤਾ ਗਿਆ।