ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਗਸਤ
ਹੋਟ ਮਿਕਸ ਪਲਾਂਟ ਵੈੱਲਫੇਅਰ ਸੁਸਾਇਟੀ ਤੇ ਮੇਅਰ ਬਲਕਾਰ ਸੰਧੂ ਵਿੱਚ ਚੱਲ ਰਿਹਾ ਵਿਵਾਦ ਹੁਣ ਧਾਰਮਿਕ ਰੰਗ ਲੈਣ ਲੱਗਿਆ ਹੈ। ਵੀਰਵਾਰ ਨੂੰ ਤਾਲਾਬ ਮੰਦਰ ਕਮੇਟੀ ਤੇ ਤਾਲਾਬ ਬਾਜ਼ਾਰ ਐਸੋਸੀਏਸ਼ਨ ਨੇ ਮਾਮਲੇ ਨੂੰ ਧਾਰਮਿਕ ਰੰਗਤ ਦਿੰਦੇ ਹੋਏ ਮੇਅਰ ਬਲਕਾਰ ਸੰਧੂ ਦਾ ਪੁਤਲਾ ਫੂਕਿਆ। ਇਸ ਮੌਕੇ ਉਨ੍ਹਾਂ ਨੇ ਮੇਅਰ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਗੱਲ ਆਖ ਰਹੇ ਸਨ ਕਿ ਮੇਅਰ ਬਲਕਾਰ ਸੰਧੂ ਹੁਣ ਨਿੱਜੀ ਹਮਲੇ ਕਰ ਰਹੇ ਹਨ, ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਗਰ ਨਿਗਮ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਮੰਗਲਵਾਰ ਹੋਟ ਮਿਕਸ ਪਲਾਂਟ ਵੈੱਲਫੇਅਰ ਸੁਸਾਇਟੀ ਨੇ ਮੋਰਚਾ ਖੋਲ੍ਹਿਆ ਸੀ। ਸੁਸਾਇਟੀ ਪ੍ਰਧਾਨ ਵਿਨੋਦ ਜੈਨ ਸਮੇਤ ਹੋਰ ਅਹੁਦੇਦਾਰਾਂ ਨੇ ਦੋਸ਼ ਲਾਇਆ ਸੀ ਕਿ ਸੜਕ ਦਾ ਕੰਮ ਪੂਰਾ ਹੋਣ ਤੋਂ ਬਾਅਦ ਅਦਾਇਗੀ ਲਈ ਨਿਗਮ ਅਫ਼ਸਰ 5 ਫੀਸਦੀ ਰਿਸ਼ਵਤ ਮੰਗਦੇ ਹਨ। ਇਸ ਮੁੱਦੇ ਨੂੰ ਉਹ ਮੇਅਰ ਬਲਕਾਰ ਸੰਧੂ ਸਮੇਤ ਹੋਰਨਾਂ ਅਧਿਕਾਰੀਆਂ ਸਾਹਮਣੇ ਕਈ ਵਾਰ ਰੱਖ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬੁੱਧਵਾਰ ਨੂੰ ਮੇਅਰ ਬਲਕਾਰ ਸੰਧੂ ਨੇ ਪੱਤਰਕਾਰ ਮਿਲਣੀ ਕਰ ਸੁਸਾਇਟੀ ਪ੍ਰਧਾਨ ਵਿਨੋਦ ਜੈਨ ’ਤੇ ਨਿਸ਼ਾਨੇ ਲਾਏ ਸਨ। ਵੀਰਵਾਰ ਤਾਲਾਬ ਮੰਦਰ ਕਮੇਟੀ ਤੇ ਬਾਜ਼ਾਰ ਕਮੇਟੀ ਨੇ ਮੇਅਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਸੀ ਕਿ ਪ੍ਰਧਾਨ ਵਿਨੋਦ ਜੈਨ ’ਤੇ ਨਿੱਜੀ ਰੰਜਿਸ਼ ਕੱਢਦੇ ਹੋਏ ਤਾਲਾਬ ਮੰਦਰ ’ਤੇ ਨਿਸ਼ਾਨਾ ਲਾਉਂਦੇ ਹੋਏ ਡਿਸਪੈਂਸਰੀ ਨੂੰ ਲੈ ਕੇ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਇਸ ਲਈ ਤਾਲਾਬ ਮੰਦਰ ਕਮੇਟੀ ਤੇ ਜੈ ਅੰਬੇ ਕਲੱਬ, ਹਿੰਦੂ ਉਥਾਨ ਪਰਿਸ਼ਦ, ਤਾਲਾਬ ਮੰਦਰ ਬਾਜ਼ਾਰ ਰੋਡ ਦੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਮੇਅਰ ਬਲਕਾਰ ਸੰਧੂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਹੈ।