ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਅਕਤੂਬਰ
ਸ਼ਹਿਰ ’ਚ ਦੋ ਥਾਵਾਂ ’ਤੇ ਦਸਹਿਰਾ ਮਨਾਉਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਉਦੋਂ ਹੋਰ ਭਖ ਗਿਆ ਜਦੋਂ ਵਿਜੇ ਦਸ਼ਮੀ ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਕਾਸ ਮਿੱਤਲ ਨੇ ਖੰਨਾ ਪ੍ਰਸ਼ਾਸਨ ’ਤੇ ਉਨ੍ਹਾਂ ਨੂੰ ਦਸਹਿਰਾ ਮਨਾਉਣ ਦੀ ਇਜਾਜ਼ਤ ਨਾ ਦੇਣ ਦੇ ਦੋਸ਼ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਦਬਾਅ ਕਾਰਨ ਪ੍ਰਸ਼ਾਸਨ ਵੱਲੋਂ ਦਸਹਿਰਾ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਕ ਧਿਰ ਦੀ ਖੁਸ਼ੀ ਲਈ ਪ੍ਰਸ਼ਾਸਨ ਜ਼ੋਰ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਮਨਜ਼ੂਰੀ ਨਾ ਦਿੱਤੀ ਤਾਂ ਸੰਤ ਸਮਾਜ ਜਿਵੇਂ ਕਹੇਗਾ, ਉਸ ਅਨੁਸਾਰ ਪੁਤਲੇ ਦਹਿਨ ਕੀਤੇ ਜਾਣਗੇ।
ਇਸ ਮੌਕੇ ਅਨਮੋਲ ਪੁਰੀ, ਸੁਧੀਰ ਜੋਸ਼ੀ ਅਤੇ ਅਖਿਲੇਸ਼ ਢੰਡ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਬਾਕੀ ਕੰਮ ਛੱਡ ਕੇ ਸੂਬੇ ਦੀ ‘ਆਪ’ ਸਰਕਾਰ ਦੇ ਨੁਮਾਇੰਦੇ ਤਿਉਹਾਰਾਂ ’ਚ ਦਿਲਚਸਪੀ ਦਿਖਾ ਰਹੇ ਹਨ ਜਦੋਂਕਿ ਇਸ ਤੋਂ ਇਲਾਵਾ ਹੋਰ ਜ਼ਰੂਰੀ ਕੰਮ ਸਰਕਾਰ ਕੋਲ ਬਹੁਤ ਹਨ। ਇਸ ਮੌਕੇ ਦੇਵਰਾਜ ਖਾਕਰੀਆ, ਹਰਮਿੰਦਰ, ਵਿਪਨ ਕਥੂਰੀਆ, ਯੋਗੇਸ਼ ਜੋਸ਼ੀ, ਗੁਰਦੀਪ ਜੋਸ਼ੀ, ਅਵਨੀਤ ਰਾਏ, ਗੁਰਦੀਪ ਸਿੰਘ, ਸਨੋਵੀ ਮਣਕੂ, ਨਰਿੰਦਰ ਕੁਮਾਰ, ਯਸ਼ਪਾਲ ਅਬਰੋਲ, ਸੁਨੀਲ ਭੱਲਾ ਆਦਿ ਹਾਜ਼ਰ ਸਨ।
ਕਿਸੇ ਧਿਰ ਨਾਲ ਪੱਖਪਾਤ ਨਹੀਂ ਕੀਤਾ ਗਿਆ: ਐੱਸਡੀਐੱਮ
ਇਸ ਸਬੰਧੀ ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਵਿਜੇ ਦਸ਼ਮੀ ਦਸਹਿਰਾ ਕਮੇਟੀ ਦੀ ਅਰਜ਼ੀ ਉਨ੍ਹਾਂ ਕੋਲ ਆਈ ਸੀ, ਜਿਸ ਨੂੰ ਮਨਜ਼ੂਰੀ ਲਈ ਅੱਗੇ ਵੱਖ ਵੱਖ ਵਿਭਾਗਾਂ ਕੋਲ ਭੇਜਿਆ ਗਿਆ ਹੈ, ਜਿਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਹੀ ਨਿਯਮਾਂ ਅਨੁਸਾਰ ਕੰਮ ਕੀਤਾ ਜਾਵੇਗਾ। ਕਿਸੇ ਧਿਰ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ।