ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਕਤੂਬਰ
ਥਾਣਾ ਪੀਏਯੂ ਦੀ ਪੁਲੀਸ ਨੇ ਹੰਬੜਾ ਰੋਡ ਸਥਿਤ ਪਿੰਡ ਸਲੇਮਪੁਰ ਕੋਲ ਜਾਂਚ ਦੌਰਾਨ ਇਕ ਟਰੱਕ ਨੂੰ ਕਬਜ਼ੇ ਵਿੱਚ ਲਿਆ ਹੈ ਜਿਸ ਵਿੱਚ ਗਊਆਂ ਅਤੇ ਬਲਦ ਲੱਦ ਕੇ ਲਿਜਾਏ ਜਾ ਰਹੇ ਸਨ। ਇਸ ਸਬੰਧੀ ਪੁਲੀਸ ਅਧਿਕਾਰੀ ਸ਼ਾਮ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਪ੍ਰੀਤ ਨਗਰ ਨਿਊ ਸ਼ਿਮਲਾਪੁਰੀ ਵਾਸੀ ਹਰੀਸ਼ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਉਹ ਜਦੋਂ ਕਾਰ ’ਤੇ ਸਵਾਰ ਹੋ ਕੇ ਹੰਬੜਾ ਰੋਡ ਜਾ ਰਿਹਾ ਸੀ ਤਾਂ ਇਕ ਟਰੱਕ ਨੰਬਰ ਪੀਬੀ 30 ਐਚ 9088 ਵਿੱਚ ਉਸ ਨੇ ਪਸ਼ੂ ਲੱਦੇ ਹੋਏ ਦੇਖੇ। ਪੁਲੀਸ ਦੀ ਮਦਦ ਨਾਲ ਟਰੱਕ ਨੂੰ ਮਲਕਪੁਰ ਨੇੜੇ ਰੋਕ ਕੇ ਚੈੱਕ ਕੀਤਾ ਤਾਂ ਉਸ ਵਿੱਚ 15 ਗਊਆਂ ਅਤੇ ਬਲਦ ਲੱਦੇ ਹੋਏ ਸਨ। ਪੁਲੀਸ ਨੇ ਸਮਾਊਨ ਵਾਸੀ ਗੁਰਦਾਸਪੁਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਜਦ ਕਿ ਉਸ ਦੇ ਦੋ ਸਾਥੀਆਂ ਦਰਸ਼ਨ ਸਿੰਘ ਵਾਸੀ ਪਿੰਡ ਧਨੌਲਾ ਅਤੇ ਘੋਗਾ ਵਾਸੀ ਜੰਡਿਆਲ (ਸੰਗਰੂਰ) ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਵੱਲੋਂ ਕੇਸ ਦਰਜ ਕਰਕੇ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁਲੀਸ ਹੋਰ ਪੁੱਛਗਿੱਛ ਕਰ ਰਹੀ ਹੈ।