ਪੱਤਰ ਪ੍ਰੇਰਕ
ਜਗਰਾਉਂ, 23 ਅਕਤੂਬਰ
ਥਾਣਾ ਸਦਰ ਨੇ ਰਿਵਾਲਵਰ, 5 ਕਾਰਤੂਸਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਉਕਤ ਮਾਮਲੇ ਸਬੰਧੀ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ-ਸ਼ੱਕੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਗੁਰੂਸਰ ਕਾਉਂਕੇ ਰਜਵਾਹੇ ਦੇ ਪੁਲ ’ਤੇ ਉਨ੍ਹਾਂ ਦੀ ਅਗਵਾਈ ਹੇਠ ਨਾਕਾ ਲਗਾਇਆ ਹੋਇਆ ਸੀ। ਪੁਲੀਸ ਪਾਰਟੀ ਨੇ ਪਿੰਡ ਕਾਉਂਕੇ ਕਲਾ ਵੱਲੋਂ ਮੋਟਰਸਾਈਕਲ ’ਤੇ ਸਵਾਰ ਇੱਕ ਸ਼ੱਕੀ ਵਿਅਕਤੀ ਆਉਂਦਾ ਦੇਖਿਆ। ਪੁਲੀਸ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸਦੀ ਪਛਾਣ ਜਸਵਿੰਦਰ ਸਿੰਘ ਬਿੱਟੂ ਵਾਸੀ ਕੋਠੇ ਹਰੀ ਸਿੰਘ ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਦੀ ਪੈਂਟ ਦੀ ਜੇਬ ’ਚੋਂ 32 ਬੋਰ ਦਾ ਰਿਵਾਲਵਰ ਅਤੇ 5 ਜਿੰਦਾ ਕਾਰਤੂਸ ਬਰਾਮਦ ਹੋਏ। ਪੁਲੀਸ ਨੇ ਮੁਲਜ਼ਮ ਨੂੰ ਮੋਟਰਸਾਈਕਲ ਸਮੇਤ ਹਿਰਾਸਤ ’ਚ ਲੈਣ ਉਪਰੰਤ ਮਾਮਲਾ ਦਰਜ ਕਰ ਲਿਆ ਹੈ।