ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 6 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਜ਼ਮੀਨਾਂ ਬਚਾਉਣ ਲਈ ਕੋਟ ਆਗਾ ਵਿੱਚ ਪੱਕਾ ਮੋਰਚਾ 11ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਸੁਦਾਗਰ ਸਿੰਘ ਘੁਡਾਣੀ, ਸ਼ੇਰ ਸਿੰਘ ਮਹੋਲੀ, ਬਲਵੰਤ ਸਿੰਘ ਘੁਡਾਣੀ, ਰਾਜਿੰਦਰ ਸਿੰਘ ਸਿਆੜ, ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਬਿਕਰਜੀਤ ਸਿੰਘ ਕਾਲਖ ਅਤੇ ਪਰਮਜੀਤ ਸਿੰਘ ਕੋਟ ਆਗਾ ਨੇ ਸਰਕਾਰ ਵੱਲੋਂ ਜ਼ਮੀਨਾਂ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਕੌਮੀ ਮਾਰਗ ਕਾਰਨ ਦੋਫਾੜ ਹੋਈਆਂ ਜ਼ਮੀਨਾਂ ਲਈ ਸਿੰਜਾਈ ਅਤੇ ਰਸਤਿਆਂ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ ਗਈ। ਕਿਸਾਨ ਆਗੂ ਰਾਜਿੰਦਰ ਸਿੰਘ ਭੋਗੀਵਾਲ, ਜਗਤਾਰ ਸਿੰਘ ਸਰੋਦ, ਬੀਬੀ ਰਣਜੀਤ ਕੌਰ, ਹਰਪ੍ਰੀਤ ਕੌਰ ਗੁੱਜਰਵਾਲ, ਗੁਰਿੰਦਰ ਸਿੰਘ ਜੁੜਾਹਾਂ ਤੇ ਜਗਵਿੰਦਰ ਸਿੰਘ ਹਮਾਂਯੂੰਪੁਰ ਨੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਮੋਰਚਾ ਜਾਰੀ ਰਹੇਗਾ ਤੇ ਕਿਸਾਨਾਂ-ਮਜ਼ਦੂਰਾਂ ਨੇ ਹਰ ਕੁਰਬਾਨੀ ਦਾ ਅਹਿਦ ਦੁਹਰਾਇਆ। ਆਗੂਆਂ ਨੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਭਾਈ ਮਨਜੀਤ ਸਿੰਘ ਬੁਟਾਹਰੀ ਦੇ ਕਵੀਸ਼ਰੀ ਜਥੇ ਨੇ ਕਿਸਾਨੀ ਦੇ ਦੁੱਖ-ਦਰਦ ਨੂੰ ਪੇਸ਼ ਕਰਦੀ ਕਵੀਸ਼ਰੀ ਸੁਣਾਈ।