ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਜੁਲਾਈ
ਭਾਰਤਮਾਲਾ ਯੋਜਨਾ ਤਹਿਤ 18 ਪਿੰਡਾਂ ਦੀਆਂ ਜ਼ਮੀਨਾਂ ਜਬਰੀ ਗ੍ਰਹਿਣ ਕਰਨ ਵਿਰੁੱਧ ਪਿੰਡ ਕੋਟ ਆਗਾ ਵਿਚ ਪੱਕਾ ਮੋਰਚਾ 17ਵੇਂ ਦਿਨ ਵੀ ਜਾਰੀ ਰਿਹਾ। ਭਾਕਿਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਰੋਡ ਸੰਘਰਸ਼ ਕਿਸਾਨ-ਮਜ਼ਦੂਰ ਕਮੇਟੀ ਦੇ ਪ੍ਰਧਾਨ ਬਿਕਰਜੀਤ ਸਿੰਘ ਕਾਲਖ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੌੜੀਆਂ ਅਤੇ ਉੱਚੀਆਂ ਸੜਕਾਂ ਕਿਸਾਨਾਂ-ਮਜ਼ਦੂਰਾ ਦੇ ਭਲੇ ਖ਼ਾਤਰ ਨਹੀਂ ਸਗੋਂ ਵੱਡੇ ਕਾਰਪੋਰੇਟਾਂ ਦਾ ਮਾਲ ਸਸਤਾ ਅਤੇ ਸੁਖਾਲਾ ਢੋਣ ਲਈ ਹਨ। ਪਰ ਇਸ ਦੀ ਮਾਰ ਹੇਠ ਆਉਣ ਵਾਲੇ ਗ਼ਰੀਬ ਮਜ਼ਦੂਰਾਂ ਅਤੇ ਕਿਸਾਨਾਂ ਦਾ ਚੁੱਲ੍ਹਾ ਮਘਦਾ ਰੱਖਣ ਲਈ ਸਰਕਾਰਾਂ ਕੋਲ ਪੈਸੇ ਦੀ ਕਮੀ ਹੈ। ਉਧਰ ਭਾਕਿਯੂ ਏਕਤਾ (ਉਗਰਾਹਾਂ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਵੀ ਪਿੰਡ ਕੋਟ ਆਗਾ ਵਿਚ ਹੋਈ, ਜ਼ਿਲ੍ਹਾ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਪੱਕੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 21 ਤੋਂ 25 ਜੁਲਾਈ ਤੱਕ 9 ਥਾਂਵਾਂ ਉੱਪਰ ਧਰਨੇ ਲਾਏ ਜਾਣਗੇ। ਮੀਟਿੰਗ ਵਿਚ ਪਾਸ ਇਕ ਮਤੇ ਰਾਹੀਂ ਜਲ, ਜੰਗਲ ਅਤੇ ਜ਼ਮੀਨਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਤੀ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ, ਜਗਤਾਰ ਸਿੰਘ ਚੋਮੋਂ, ਗੁਰਪ੍ਰੀਤ ਸਿੰਘ ਨੂਰਪੁਰਾ, ਬਲਦੇਵ ਸਿੰਘ ਜੀਰਖ, ਕੁਲਦੀਪ ਸਿੰਘ ਗੁੱਜਰਵਾਲ ਅਤੇ ਲਖਵੀਰ ਸਿੰਘ ਨੇ ਵੀ ਵਿਚਾਰ ਚਰਚਾ ਵਿਚ ਹਿੱਸਾ ਲਿਆ।