ਨਿੱਜੀ ਪੱਤਰ ਪ੍ਰੇਰਕ
ਖੰਨਾ, 3 ਫਰਵਰੀ
ਸ਼ਹਿਰ ’ਚ ਸ਼ਰ੍ਹੇਆਮ ਵਿੱਕ ਰਹੀ ਚਾਈਨਾ ਡੋਰ ਖ਼ਿਲਾਫ਼ ਸਮਾਜ ਸੇਵੀ ਆਗੂਆਂ ਵੱਲੋਂ ਹੰਸਰਾਜ ਬਿਰਾਨੀ ਤੇ ਸ਼ਸ਼ੀ ਵਰਧਨ ਦੀ ਅਗਵਾਈ ਹੇਠ ਇਥੋਂ ਦੇ ਲਲਹੇੜੀ ਚੌਕ ਵਿੱਚ ਆਰੰਭੀ ਭੁੱਖ ਹੜਤਾਲ ਤੀਜੇ ਦਿਨ ’ਚ ਦਾਖਲ ਹੋ ਗਈ। ਚਾਈਨਾ ਡੋਰ ਵਿਰੁੱਧ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਕਈ ਵਿਅਕਤੀਆਂ ਅਤੇ ਬੇਜ਼ੁਬਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਹਨ, ਜਿਸ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਕੋਈ ਕਦਮ ਨਹੀਂ ਉਠਾਏ ਜਾ ਰਹੇ। ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਲੋੜ ਹੈ। ਇਸ ਦੌਰਾਨ ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਦੀਆਂ ਛੋਟੀਆਂ ਬੱਚੀਆਂ ਨੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਰਾਹਗੀਰਾਂ ਨੂੰ ਚਾਈਨਾਂ ਡੋਰ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪੁਲੀਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭੁੱਖ ਹੜਤਾਲ ’ਤੇ ਬੈਠੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਚਾਈਨਾ ਡੋਰ ਖ਼ਿਲਾਫ਼ ਮੁਹਿੰਮ ਛੇੜਦੇ ਹੋਏ ਸ਼ਹਿਰ ਵਿਚ ਮੁਨਾਦੀ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਸੁਖਵੰਤ ਸਿੰਘ ਟਿੱਲੂ, ਗਗਨਦੀਪ ਸਿੰਘ, ਤਰੁਨਪ੍ਰੀਤ ਸਿੰਘ ਸੌਂਦ, ਗੁਰਪ੍ਰੀਤ ਸਿੰਘ ਭੱਟੀ, ਜਸਵਿੰਦਰ ਸਿਘ, ਰਵਿੰਦਰ ਰੰਗੀ, ਅਭਿਸ਼ੇਕ ਵਰਧਨ, ਨਿਰਮਲ ਸਿੰਘ, ਸੰਜੀਵ ਕੁਮਾਰ, ਚੰਦਨ ਨੇਗੀ ਆਦਿ ਹਾਜ਼ਰ ਸਨ।