ਗੁਰੂਸਰ ਸੁਧਾਰ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਵੱਲੋਂ ਭਾਰਤਮਾਲਾ ਪ੍ਰਾਜੈਕਟ ਤਹਿਤ ਜਬਰੀ ਜ਼ਮੀਨਾਂ ਗ੍ਰਹਿਣ ਕਰਨ ਵਿਰੁੱਧ ਕੋਟ ਆਗਾ ਵਿਚ ਪੱਕਾ ਮੋਰਚਾ 20ਵੇਂ ਦਿਨ ਜਾਰੀ ਰਿਹਾ। ਕਿਸਾਨ ਆਗੂ ਯੁਵਰਾਜ ਸਿੰਘ ਘੁਡਾਣੀ ਕਲਾਂ ਅਤੇ ਰਜਿੰਦਰ ਸਿੰਘ ਸਿਆੜ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਮੋਦੀ ਹਕੂਮਤ ਦੇ ਤਾਨਾਸ਼ਾਹੀ ਰਾਹ ਉੱਪਰ ਚੱਲਣ ਲੱਗੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਮੁਆਵਜ਼ੇ ਦੇ ਚੈੱਕ ਵੀ ਸਵੀਕਾਰ ਨਹੀਂ ਕੀਤੇ ਪ੍ਰਸ਼ਾਸਨ ਉਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਵੀ ਕਬਜ਼ਾ ਲੈਣ ਪਹੁੰਚ ਗਿਆ। ਕਿਸਾਨ ਆਗੂ ਹਰਪ੍ਰੀਤ ਸਿੰਘ ਲਹਿਲ, ਰਾਜਪਾਲ ਸਿੰਘ ਦੁਧਲ, ਕੁਲਦੀਪ ਸਿੰਘ ਗੁੱਜਰਵਾਲ ਅਤੇ ਮਨਜੀਤ ਸਿੰਘ ਬੁਢੇਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੀ ਧੋਬੀਆਣਾ ਬਸਤੀ ਦੇ ਮਜ਼ਦੂਰਾਂ ਦੇ ਘਰ ਢਾਹ ਕੇ ਬੇਘਰ ਕਰ ਦਿੱਤਾ ਹੈ। ਸ਼ਹਿਰ ਦੀ ਰਿੰਗ ਰੋਡ ਦੇ ਘੇਰੇ ਵਿਚ ਆਏ ਮਜ਼ਦੂਰਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। -ਪੱਤਰ ਪ੍ਰੇਰਕ