ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਸਤੰਬਰ
ਪਿਛਲੇ ਕਈ ਸਾਲਾਂ ਤੋਂ ਅਧੂਰੀ ਪਈ ਸੈਕਟਰ 32 ਅਤੇ 33 ਦੀ ਸੜਕ ਦੇ ਹੁਣ ਭਾਗ ਜਾਗ ਗਏ ਹਨ। ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ) ਨੇ ਇਸ ਸਾਂਝੀ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਇਸ ’ਤੇ 1.84 ਕਰੋੜ ਰੁਪਏ ਦੀ ਲਾਗਤ ਆਵੇਗੀ। ਸੜਕ ਦੇ ਬਣਨ ਨਾਲ ਪਿਛਲੇ ਕਈ ਸਾਲਾਂ ਤੋਂ ਖੱਜਲ ਹੋ ਰਹੇ ਰਾਹਗੀਰਾਂ ਅਤੇ ਆਸ-ਪਾਸ ਦੇ ਘਰਾਂ ਵਾਲਿਆਂ ਨੂੰ ਰਾਹਤ ਮਿਲ ਜਾਵੇਗੀ। ਸ੍ਰੀ ਭੋਲਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋ ਇਲਾਕਾ ਨਿਵਾਸੀਆਂ ਤੋਂ ਪਾਸਾ ਵੱਟਣ ਕਰਕੇ ਇਹ ਪ੍ਰਾਜੈਕਟ ਕਰੀਬ ਪੰਜ ਸਾਲਾਂ ਤੋਂ ਲਟਕਿਆ ਆ ਰਿਹਾ ਸੀ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਸੈਕਟਰ 32 ਅਤੇ 33 ਦੇ ਲੋਕ ਲੰਮੇ ਸਮੇਂ ਤੋਂ ਇਸ ਸੜਕ ਦੇ ਨਿਰਮਾਣ ਦੀ ਮੰਗ ਕਰ ਰਹੇ ਸਨ। ਵਿਧਾਇਕ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦੀ ਗੁਣਵੱਤਾ ਅਤੇ ਰਫ਼ਤਾਰ ਨੂੰ ਪਹਿਲ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਦਾ ਇਲਾਕਾ ਵਾਸੀਆਂ ਨੇ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਭੋਲਾ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਸੜਕ ਬਣਨ ਨਾਲ ਲੋਕਾਂ ਤੇ ਰਾਹਗੀਰਾਂ ਨੂੰ ਮੁਸ਼ਕਲ ਨਹੀਂ ਆਵੇਗੀ।