ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਵੱਲੋਂ ਪੜਤਾਲ ਤੋਂ ਬਾਅਦ ਦੁਬਾਰਾ ਸੱਦੇ ਜਾਣ ’ਤੇ ਈਡੀ ਕਾਰਵਾਈ ਖਿਲਾਫ਼ ਕਾਂਗਰਸੀ ਸੜਕਾਂ ’ਤੇ ਉਤਰ ਆਏ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਨਾਲ ਸਾਬਕਾ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਦੀ ਅਗਵਾਈ ’ਚ ਕਾਂਗਰਸੀ ਵਰਕਰ ਜਲੰਧਰ ਬਾਈਪਾਸ ਚੌਕ ’ਚ ਇਕੱਠੇ ਹੋਏ ਤੇ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਅਤੇ ਈਡੀ ਦੀ ਕਾਰਵਾਈ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਹਰ ਉਸ ਵਿਅਕਤੀ ਨੂੰ ਈਡੀ ਦੇ ਜਾਲ ’ਚ ਫਸਾਉਣ ’ਚ ਲੱਗੀ ਹੈ ਤੇ ਜੋ ਕੇਂਦਰ ਦੀ ਸਰਕਾਰ ਖ਼ਿਲਾਫ਼ ਆਵਾਜ਼ ਚੁੱਕ ਰਹੇ ਹਨ। ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਕਾਫ਼ੀ ਸਮੇਂ ਤੋਂ ਕੇਂਦਰ ਦੀ ਪੋਲ ਖੋਲ੍ਹਣ ’ਚ ਲੱਗੇ ਹਨ। ਇਸ ਕਾਰਨ ਦੋਵਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਬਿਨਾਂ ਕਾਰਨ ਸੋਨੀਆ ਗਾਂਧੀ ਨੂੰ ਈਡੀ ਦਫ਼ਤਰ ’ਚ ਸੱਦ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਆਪਣੀ ਤਾਕਤ ਦੀ ਗ਼ਲਤ ਵਰਤੋਂ ਕਰ ਕੇ ਸਿਆਸੀ ਆਗੂਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕੇਂਦਰ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋ ਰਹੀ ਹੈ। ਵਧ ਰਹੀ ਮਹਿੰਗਾਈ ਨਾਲ ਲੋਕਾਂ ਦਾ ਧਿਆਨ ਭਟਕਾਉਣ ਲਈ ਮੋਦੀ ਸਰਕਾਰ ਹੁਣ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਆਰਥਿਕ ਹਾਲਤ ’ਚ ਦੇਸ਼ ਪਿਛੜ ਰਿਹਾ ਹੈ। ਸੰਸਦ ’ਚ ਵੀ ਮੋਦੀ ਸਰਕਾਰ ਦਾ ਪੁਰਜ਼ੋਰ ਵਿਰੋਧ ਹੋ ਰਿਹਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਹਿਲਾਂ ਅਗਨੀਪਥ ਯੋਜਨਾ ਲਾਗੂ ਕਰਦੇ ਸਮੇਂ ਰਾਹੁਲ ਗਾਂਧੀ ਤੋਂ ਈਡੀ ਨੇ ਪੁੱਛਗਿਛ ਕੀਤੀ ਤਾਂ ਕਿ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਉਧਰ, ਹੁਣ ਜਦੋਂ ਆਟਾ, ਬਰੈਡ, ਦਾਲਾਂ, ਚੌਲ ਆਦਿ ’ਤੇ ਜੀਐਸਟੀ ਲਾਈ ਗਈ ਹੈ ਤਾਂ ਹੁਣ ਫਿਰ ਜਨਤਾ ਦਾ ਧਿਆਨ ਭਟਕਾਉਣ ਲਈ ਸੋਨੀਆ ਗਾਂਧੀ ਤੋਂ ਈਡੀ ਰਾਹੀਂ ਪੜਤਾਲ ਕਰਵਾਈ ਜਾ ਰਹੀ ਹੈ। ਦੇਸ਼ ਦੇ ਅਸਲ ਮੁੱਦਿਆਂ ਤੋਂ ਜਨਤਾ ਨੂੰ ਦੂਰ ਕੀਤਾ ਜਾ ਰਿਹਾ ਹੈ। ਸਰਕਾਰ ਖਿਲਾਫ਼ ਅੱਜ ਕਾਂਗਰਸੀ ਸੜਕਾਂ ’ਤੇ ਉਤਰ ਕੇ ਇਹ ਮੰਗ ਕਰ ਰਹੇ ਹਨ ਕਿ ਈਡੀ ਜਾਂ ਸੀਬੀਆਈ ਨੂੰ ਉਨ੍ਹਾਂ ਦਾ ਅਸਲ ਕੰਮ ਕਰਨ ਦਿੱਤਾ ਜਾਵੇ। ਸ਼ਰਮਾ ਨੇ ਕਿਹਾ ਕਿ ਕਾਂਗਰਸ ਸਮੇਂ ਸਮੇਂ ਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰੇਗੀ।