ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੂਨ
ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਅੱਜ ਲੁਧਿਆਣਾ ਵਿੱਚ ਹਲਕਾ ਪੂਰਬੀ ਤੋਂ ਸਾਬਕਾ ਵਿਧਾਇਕ ਸੰਜੈ ਤਲਵਾੜ ਨੇ ਆਪਣੇ ਸਾਥਿਆਂ ਨਾਲ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢਿਆ। ਇਹ ਮੋਮਬਤੀ ਮਾਰਚ ਟਿੱਬਾ ਰੋਡ ਦਫ਼ਤਰ ਤੋਂ ਸ਼ੁਰੂ ਕਰ ਕੇ ਸਮਰਾਲਾ ਚੌਕ ਤੱਕ ਗਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਆਪਣੇ ਹੱਥ ਵਿੱਚ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਇਸ ਦੇ ਨਾਲ ਹੀ ਵਰਕਰਾਂ ਨੇ ਸਿੱਧੂ ਅਮਰ ਰਹੇ ਦੇ ਨਾਅਰੇ ਵੀ ਲਗਾਏ।
ਮਾਰਚ ਤੋਂ ਬਾਅਦ ਸਾਰਿਆਂ ਨੇ ਮੁੱਖ ਮੰਤਰੀ ਭਗਵੰਤ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਮੂਸੇਵਾਲੇ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸਾਬਕਾ ਵਿਧਾਇਕ ਸੰਜੈ ਤਲਵਾੜ ਨੇ ਕਿਹਾ ਕਿ ਸਰਕਾਰ ਨੇ ਫੌਕੀ ਸ਼ੌਹਰਤ ਹਾਸਲ ਕਰਨ ਦੇ ਲਈ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਸੀ। ਜਦਕਿ ਪਿਛਲੇ ਕਾਫੀ ਸਮੇਂ ਤੋਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿੱਲ ਰਹੀਆਂ ਸਨ ਅਤੇ ਉਸ ਦੀ ਜਾਨ ਨੂੰ ਖਤਰਾ ਵੀ ਸੀ। ਇਹ ਸਾਰਾ ਕੁੱਝ ਪੰਜਾਬ ਦੀ ‘ਆਪ’ ਸਰਕਾਰ ਨੂੰ ਪਤਾ ਸੀ, ਉਸ ਦੇ ਬਾਵਜੂਦ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁੱਰਖਿਆ ਘਟਾ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਮੁਲਜ਼ਮਾਂ ਨੇ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ। ਇਸ ਮੌਕੇ ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਡਾ. ਨਰੇਸ਼ ਉੱਪਲ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਹੈਪੀ ਰੰਧਾਵਾ, ਸਰਬਜੀਤ ਸਿੰਘ, ਸ਼ਤੀਸ਼ ਮਲਹੋਤਰਾਂ, ਦੀਪਕ ਉੱਪਲ, ਗੌਰਵ ਭੱਟੀ ਤੇ ਵਿਜੈ ਕਲਸੀ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਮੌਜੂਦ ਸਨ।