ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 21 ਜਨਵਰੀ
ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਦਲ-ਬਸਪਾ ਗੱਠਜੋੜ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਚੋਣ ਮੁਹਿੰਮ ਜ਼ੋਰਦਾਰ ਢੰਗ ਨਾਲ ਭਖਾਈ ਹੈ। ਕਰੀਬ 50 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਪਿੰਡ ਮੁੱਲਾਂਪੁਰ ਦੇ ਦਰਜਨਾਂ ਕੱਟੜ ਕਾਂਗਰਸੀ ਪਰਿਵਾਰਾਂ ਨੇ ਮਨਪ੍ਰੀਤ ਸਿੰਘ ਇਆਲ਼ੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਅਕਾਲੀ ਦਲ ਵਿੱਚ ਸ਼ਾਮਲ ਹੋਏ ਟਕਸਾਲੀ ਕਾਂਗਰਸੀ ਆਗੂ ਜਥੇਦਾਰ ਜੋਰਾ ਸਿੰਘ, ਸੂਬੇਦਾਰ ਜਰਨੈਲ ਸਿੰਘ, ਕੇਸਰ ਸਿੰਘ ਅਤੇ ਪ੍ਰੇਮ ਸਿੰਘ ਨੇ ਕਿਹਾ ਕਿ ਉਹ ਪੰਜ ਦਹਾਕਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਹੈ।
ਕਈ ਪਰਿਵਾਰ ਅਕਾਲੀ ਦਲ ਵਿਚ ਸ਼ਾਮਲ
ਮਾਛੀਵਾੜਾ (ਪੱਤਰ ਪ੍ਰੇਰਕ): ਵਿਧਾਨ ਸਭਾ ਚੋਣਾਂ ਦੌਰਾਨ ਪਿੰਡ ਟਾਂਡਾ ਕੁਸ਼ਲ ਸਿੰਘ ਦੇ ਕਈ ਕਾਂਗਰਸੀ ਪਰਿਵਾਰਾਂ ਨੇ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਅਕਾਲੀ ਆਗੂ ਅਸ਼ੋਕ ਸੂਦ ਦੇ ਯਤਨਾਂ ਸਦਕਾ ਪਿੰਡ ਟਾਂਡਾ ਕੁਸ਼ਲ ਸਿੰਘ ਵਿਖੇ ਕਰਵਾਏ ਗਏ ਸਾਦੇ ਸਮਾਰੋਹ ਦੌਰਾਨ ਮੇਜਰ ਸਿੰਘ, ਤਾਰਾ ਸਿੰਘ, ਸੋਹਣ ਸਿੰਘ, ਤਰਸੇਮ ਸਿੰਘ ਮੰਡ ਉਧੋਵਾਲ, ਤਰਲੋਕ ਨਾਥ, ਫਕੀਰ ਚੰਦ, ਵਿਜੈ ਕੁਮਾਰ ਅਤੇ ਸ਼ਾਮ ਲਾਲ ਨੇ ਅਕਾਲੀ ਦਲ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿਚ ਪਾਰਟੀ ਦਾ ਡੱਟ ਕੇ ਸਾਥ ਦੇਣਗੇ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਇਨ੍ਹਾਂ ਸਮਰਥਕਾਂ ਦਾ ਸਵਾਗਤ ਕੀਤਾ।
ਮੋਹਤਬਰ ਪਰਿਵਾਰਾਂ ਵੱਲੋਂ ਕਾਂਗਰਸ ’ਚ ਸ਼ਮੂਲੀਅਤ
ਰਾਏਕੋਟ (ਪੱਤਰ ਪ੍ਰੇਰਕ): ਪਿੰਡ ਸੀਲੋਆਣੀ ਵਿਚ ਕਈ ਮੋਹਤਬਰ ਆਗੂ ਵੱਖੋ-ਵੱਖਰੀਆਂ ਪਾਰਟੀਆਂ ਛੱਡ ਕੇ ਪਰਿਵਾਰਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਕਾਮਿਲ ਅਮਰ ਸਿੰਘ ਨੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਤਰਸੇਮ ਸਿੰਘ, ਅਮਰਜੀਤ ਸਿੰਘ ਅਤੇ ਸਿਕੰਦਰ ਸਿੰਘ ਨੇ ਕਿਹਾ ਕਿ ਹਲਕਾ ਰਾਏਕੋਟ ਅੰਦਰ ਕਾਮਿਲ ਅਮਰ ਸਿੰਘ ਵਲੋਂ ਕਰਵਾਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹ ਪਰਿਵਾਰਾਂ ਸਮੇਤ ਪਾਰਟੀ ਵਿੱਚ ਆਏ ਹਨ। ਇਸ ਮੌਕੇ ਸਰਪੰਚ ਸੁਰਿੰਦਰ ਕੌਰ, ਜਸਪ੍ਰੀਤ ਸਿੰਘ, ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਾਮਜੀ ਸਿੰਘ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਅਤੇ ਪ੍ਰਭਦੀਪ ਸਿੰਘ ਨਾਰੰਗਵਾਲ ਹਾਜ਼ਰ ਸਨ।