ਡੀਪੀਐੱਸ ਬੱਤਰਾ
ਸਮਰਾਲਾ, 11 ਫ਼ਰਵਰੀ
ਵਿਧਾਨ ਸਭਾ ਹਲਕਾ ਸਮਰਾਲਾ ਦੀ ਸੀਟ ’ਤੇ ਇਸ ਵਾਰ ਮੁਕਾਬਲਾ ਬਹੁਤ ਫਸਵਾਂ ਹੈ। ਇੱਥੋਂ ਦੇ ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਕਾਂਗਰਸੀ ਪਾਰਟੀ ਵੱਲੋਂ ਅਣਦੇਖਾ ਕਰਨ ਕਰਕੇ ਉਨ੍ਹਾਂ ਦੀ ਸੀਟ ਕੱਟ ਕੇ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਕਾਂਗਰਸ ਦੀ ਸੀਟ ਦੇ ਦਿੱਤੀ। ਜਿਸ ਕਾਰਨ ਇੱਥੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਵੱਲੋਂ ਇਲਾਕੇ ਦੀ ਸੇਵਾ ਨੂੰ ਮੁੱਖ ਰੱਖ ਕੇ ਅਤੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਆਜ਼ਾਦ ਉਮੀਦਵਾਰ ਵਜੋਂ ਖੜਨ ਦਾ ਫੈਸਲਾ ਕੀਤਾ ਗਿਆ। ਅਮਰੀਕ ਸਿੰਘ ਢਿੱਲੋਂ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਮਘਾ ਦਿੱਤਾ ਹੈ ਅਤੇ ਪਿੰਡਾਂ ਵਿੱਚੋਂ ਲੋਕਾਂ ਦਾ ਉਨ੍ਹਾਂ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਉਨ੍ਹਾਂ ਵੱਲੋਂ ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਿਨ੍ਹਾਂ ਵਿੱਚ ਊਰਨਾਂ, ਹਰਿਓਂ ਕਲਾਂ, ਹਰਿਓਂ ਖੁਰਦ, ਟੱਪਰੀਆਂ, ਮੁਸ਼ਕਾਬਾਦ, ਖੀਰਨੀਆਂ ਅਤੇ ਸਿਹਾਲਾ ਸ਼ਾਮਲ ਹਨ। ਇਸ ਮੌਕੇ ਅਮਰੀਕ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ,‘‘ਮੈਂ ਆਪਣੇ ਹਲਕੇ ਲਈ ਦਿਨ ਰਾਤ ਇੱਕ ਕੀਤਾ, ਜਿਸ ਕਾਰਨ ਮੈਨੂੰ ਇਸ ਹਲਕੇ ਦੇ ਵੋਟਰਾਂ ਨੇ ਚਾਰ ਵਾਰੀ ਇੱਥੋਂ ਚੋਣ ਜਿੱਤਾ ਕੇ ਆਪਣਾ ਵਿਧਾਇਕ ਬਣਾਇਆ, ਪ੍ਰੰਤੂ ਕਾਂਗਰਸ ਪਾਰਟੀ ਦੇ ਉੱਚ ਅਹੁਦਿਆਂ ਤੇ ਬੈਠੇ ਨੇਤਾਵਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਪੁਗਾਉਣ ਲਈ ਮੇਰੀ ਸੀਟ ਸਮਰਾਲਾ ਤੋਂ ਕੱਟ ਕੇ ਬਾਹਰਲੇ ਉਮੀਦਵਾਰ ਨੂੰ ਸੀਟ ਦੇ ਦਿੱਤੀ, ਜਿਸ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ।’’ ਉਨ੍ਹਾਂ ਸਮਰਾਲਾ ਹਲਕਾ ਦੇ ਵੋਟਰਾਂ ਨੂੰ ਆਪਣੇ ਹੱਕ ’ਚ ਭੁਗਤਣ ਦੀ ਅਪੀਲ ਕੀਤੀ।