ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਅਕਤੂਬਰ
ਕਾਂਗਰਸ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਸਣੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਅੱਜ ਇੱਥੇ ਲਗਾਤਾਰ ਚੱਲ ਰਹੀ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਹੜਤਾਲ ਵਿੱਚ ਸ਼ਾਮਲ ਹੋਏ। ਹੜਤਾਲ ਦੇ ਦੂਜੇ ਦਿਨ ਧਰਨਾਕਾਰੀਆਂ ਨੇ ਸੂਬਾ ਸਰਕਾਰ ਤੇ ਈਓ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਾਬਕਾ ਵਿਧਾਇਕ ਹਿੱਸੋਵਾਲ ਨੇ ਕਿਹਾ ਕਿ ਸਰਕਾਰ ਨੂੰ ਕੀਤੇ ਵਾਅਦੇ ਅਨੁਸਾਰ ਮੰਗਾਂ ਬਿਨਾਂ ਦੇਰੀ ਪ੍ਰਵਾਨ ਕਰਨੀਆਂ ਚਾਹੀਦੀਆਂ ਹਨ। ਧਰਨਾਕਾਰੀਆਂ ਦਾ ਡਟਵਾਂ ਸਾਥ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਉਹ ਇਨ੍ਹਾਂ ਕਾਮਿਆਂ ਲਈ ਮਰਨ ਵਰਤ ਉੱਤੇ ਵੀ ਬੈਠਣਗੇ। ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਸਤਿੰਦਰਜੀਤ ਤੱਤਲਾ, ਜੱਸੀ ਹਰਦੀਪ ਹਾਜ਼ਰ ਸਨ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਕਿ ਅੱਜ ਕਾਰਜ ਸਾਧਕ ਅਫ਼ਸਰ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਅਤੇ ਕੌਂਸਲਰਾਂ ਨੂੰ ਬੁਲਾਇਆ ਗਿਆ ਸੀ। ਲੰਬਾ ਸਮਾਂ ਗੱਲਬਾਤ ਹੋਣ ਮਗਰੋਂ ਵੀ ਕੋਈ ਸਿੱਟਾ ਨਹੀਂ ਨਿਕਲਿਆ। ਇਸ ਮਗਰੋਂ ਕਾਰਜਸਾਧਕ ਅਫ਼ਸਰ ਨੇ ਕੁਝ ਹੋਰ ਸਮਾਂ ਮੰਗਿਆ। ਯੂਨੀਅਨ ਨੇ ਜਦੋਂ ਲਿਖਤੀ ਭਰੋਸਾ ਦੇਣ ਲਈ ਕਿਹਾ ਤਾਂ ਕਾਰਜਸਾਧਕ ਅਫ਼ਸਰ ਨੇ ਮਨ੍ਹਾਂ ਕਰ ਦਿੱਤਾ, ਜਿਸ ਤੋਂ ਭੜਕੇ ਕਾਮਿਆਂ ਨੇ ਈਓ ਖ਼ਿਲਾਫ਼ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਮੰਗਾਂ ਮੰਨਣ ਪ੍ਰਤੀ ਨੀਅਤ ਸਾਫ ਨਹੀਂ ਜਾਪਦੀ ਤਾਂ ਹੀ ਟਾਲ-ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ।
ਧਰਨਾਕਾਰੀਆਂ ਨੇ ਸੰਘਰਸ਼ ਤਿੱਖਾ ਕਰਕੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਸੁਤੰਤਰ ਗਿੱਲ, ਸੈਕਟਰੀ ਰਜਿੰਦਰ ਕੁਮਾਰ, ਸਤੀਸ਼ ਕੁਮਾਰ, ਗੋਵਰਧਨ ਗੱਬੀ, ਭੂਸ਼ਨ ਗਿੱਲ, ਪਰਦੀਪ ਕੁਮਾਰ, ਰਾਜ ਕੁਮਾਰ, ਸ਼ਾਮ ਲਾਲ, ਲਖਵੀਰ ਸਿੰਘ, ਸੁਨੀਲ ਕੁਮਾਰ ਅਤੇ ਕ੍ਰਿਸ਼ਨ ਗੋਪਾਲ ਨੇ ਸੰਬੋਧਨ ਕੀਤਾ।