ਗਗਨਦੀਪ ਅਰੋੜਾ
ਲੁਧਿਆਣਾ, 26 ਜੁਲਾਈ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਖ਼ਿਲਾਫ਼ ਕਾਂਗਰਸੀ ਕਾਰਕੁਨਾਂ ਨੇ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰੇਲਾਂ ਰੋਕਣ ਦੀ ਕੋਸ਼ਿਸ਼ ਕਰਦਿਆਂ ਕਾਂਗਰਸੀ ਕਾਰਕੁਨਾਂ ਦੀ ਪੁਲੀਸ ਨਾਲ ਹੱਥੋਪਾਈ ਵੀ ਹੋਈ। ਪੁਲੀਸ ਨੇ ਲਗਪਗ ਦੋ ਦਰਜਨ ਕਾਂਗਰਸੀ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਈਡੀ ਤੇ ਕੇਂਦਰ ਸਰਕਾਰ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਕਾਂਗਰਸੀ ਕਾਰਕੁਨਾਂ ਨੇ ਸੰਘੀ ਏਜੰਸੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੀ ਸਾਹਨੇਵਾਲ ਸਟੇਸ਼ਨ ’ਤੇ ਰੇਲ ਗੱਡੀ ਰੋਕਣ ਦੀ ਯੋਜਨਾ ਸੀ। ਹਾਲਾਂਕਿ, ਕਮਿਸ਼ਨਰੇਟ ਪੁਲੀਸ ਨੇ ਰਸਤੇ ਵਿੱਚ ਨਾਕਾ ਲਾ ਕੇ ਕਾਂਗਰਸੀ ਕਾਰਕੁਨਾਂ ਨੂੰ ਰੇਲਵੇ ਸਟੇਸ਼ਨ ਸਾਹਨੇਵਾਲ ਵੱਲ ਜਾਣ ਤੋਂ ਰੋਕ ਦਿੱਤਾ। ਜ਼ਿਲ੍ਹਾ ਪੁਲੀਸ ਨੇ ਵੀ ਮੌਕੇ ’ਤੇ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕੀਤੇ ਹੋਏ ਸਨ। ਸਾਹਨੇਵਾਲ ਰੇਲਵੇ ਸਟੇਸ਼ਨ ਦੀ ਸੁਰੱਖਿਆ ਲਈ ਲਗਪਗ 100 ਪੁਲੀਸ ਮੁਲਾਜ਼ਮ ਤਾਇਨਾਤ ਸਨ। ਜੇਸੀਪੀ ਰਵਚਰਨ ਸਿੰਘ ਬਰਾੜ ਤੇ ਏਡੀਸੀਪੀ ਸੋਹੇਲ ਕਾਸਿਮ ਨੇ ਵੀ ਮੌਕੇ ’ਤੇ ਪੁੱਜ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਕਾਂਗਰਸੀ ਕਾਰਕੁਨ ਰੇਲਵੇ ਸਟੇਸ਼ਨ ਜਾ ਕੇ ਰੇਲ ਗੱਡੀ ਰੋਕਣਾ ਚਾਹੁੰਦੇ ਸਨ। ਉਨ੍ਹਾਂ ਪੁਲੀਸ ਨੂੰ ਚਕਮਾ ਦੇਣ ਦੀ ਪੂਰੀ ਯੋਜਨਾ ਵੀ ਬਣਾ ਲਈ ਸੀ, ਪਰ ਪੁਲੀਸ ਕਾਂਗਰਸੀਆਂ ਤੋਂ ਦੋ ਕਦਮ ਅੱਗੇ ਰਹੀ। ਕਾਂਗਰਸੀ ਰੇਲਵੇ ਸਟੇਸ਼ਨ ਜਾਣ ਲਈ ਪਹਿਲਾਂ ਹੋਟਲ ਵਿੱਚ ਇਕੱਠੇ ਹੋ ਗਏ ਸਨ। ਪੁਲੀਸ ਨੇ ਹੋਟਲ ਦੇ ਆਸਪਾਸ ਨਾਕਾਬੰਦੀ ਕਰ ਦਿੱਤੀ ਅਤੇ ਕਾਂਗਰਸੀ ਕਾਰਕੁਨਾਂ ਨੂੰ ਵਿੱਚ ਰਸਤੇ ਹੀ ਹਿਰਾਸਤ ਵਿੱਚ ਲੈ ਲਿਆ। ਉਧਰ, ਕਈ ਕਾਂਗਰਸੀਆਂ ਦੇ ਨਾਲ ਪੁਲੀਸ ਦੀ ਹੱਥੋਪਾਈ ਵੀ ਹੋਈ। ਇਸ ਦੌਰਾਨ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਈਡੀ ਦੀ ਦੁਰਵਰਤੋਂ ਕਰਕੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।