ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਸਤੰਬਰ
ਅਤਿਵਾਦੀਆਂ ਤੇ ਖਾਲਿਸਤਾਨ ਦੇ ਖਿਲਾਫ਼ ਬਿਆਨਬਾਜ਼ੀ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਇੱਕ ਵਾਰ ਫਿਰ ਵਿਦੇਸ਼ ’ਚ ਬੈਠੇ ਅਤਿਵਾਦੀਆਂ ਵੱਲੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਧਮਕੀਆਂ ਦੇਣ ਵਾਲੇ ਨੇ 2 ਆਡੀਓ ਕਲਿੱਪ ਭੇਜ ਕੇ ਗਾਲ੍ਹਾਂ ਕੱਢਦੇ ਹੋਏ 50 ਸੈਕਿੰਡ ਦੀ ਵੀਡੀਓ ਵੀ ਭੇਜੀ ਹੈ। ਜਿਸ ’ਚ ਕੁਝ ਲੋਕ ਇੱਕ ਵਿਅਕਤੀ ਦਾ ਸਿਰ ਕਲਮ ਕਰ ਰਹੇ ਹਨ। ਉਸੇ ਤਰ੍ਹਾਂ ਹੀ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸ੍ਰੀ ਮੰਡ ਨੇ ਇਸ ਦੀ ਜਾਣਕਾਰੀ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਤੇ ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਆਡੀਓ ਅਤੇ ਵੀਡੀਓ ਕਲਿੱਪ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਗਰਸੀ ਨੇਤਾ ਮੰਡ ਨੇ ਪੁਲੀਸ ਵਿਭਾਗ ਤੋਂ ਉਨ੍ਹਾਂ ਅਤੇ ਪਰਿਵਾਰ ਦੀ ਸੁਰੱਖਿਆ ਵਧਾਉਣ ਦੀ ਮੰਗ ਵੀ ਕੀਤੀ ਹੈ। ਥਾਣਾ ਸਦਰ ਦੇ ਐੱਸਐੱਚਓ. ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਕੇਸ ਦਰਜ ਕਰ ਲਿਆ ਗਿਆ ਹੈ।