ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੁਲਾਈ
ਸੱਤਾਧਾਰੀ ਕਾਂਗਰਸੀ ਆਗੂ ਹੀ ਹੁਣ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕ ਰਹੇ ਹਨ। ਅੱਜ ਕਾਂਗਰਸੀ ਆਗੂ ਪਰਮਿੰਦਰ ਮਹਿਤਾ, ਸਰਬਜੀਤ ਸਿੰਘ ਬੰਟੀ ਤੇ ਰਵਿੰਦਰ ਸਿਆਨ ਨੇ ਪੱਤਰਕਾਰ ਮਿਲਣੀ ਕਰ ਕੇ ਬੁੱਢੇ ਨਾਲੇ ਦੀ ਸਫ਼ਾਈ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਧਿਕਾਰੀ ਬਰਸਾਤਾਂ ਦੇ ਦਿਨਾਂ ’ਚ ਬੁੱਢੇ ਨਾਲੇ ਦੀ ਸਫ਼ਾਈ ਦੇ ਨਾਂ ’ਤੇ ਸਿਰਫ਼ ਆਪਣੀਆਂ ਜੇਬਾਂ ਭਰਦੇ ਹਨ। ਜ਼ਮੀਨੀ ਹਕੀਕਤ ਇਹ ਹੈ ਕਿ ਬੁੱਢੇ ਨਾਲੇ ਦੇ ਕਈ ਥਾਵਾਂ ’ਤੇ ਨਾਲੇ ਵਿੱਚ ਕਾਫ਼ੀ ਜ਼ਿਆਦਾ ਗੰਦਗੀ ਪਈ ਹੋਈ ਹੈ। ਜੇ ਮੀਂਹ ਲਗਾਤਾਰ ਪੈ ਗਿਆ ਤਾਂ ਬੁੱਢੇ ਨਾਲੇ ਦਾ ਪਾਣੀ ਇੱਕ ਵਾਰ ਫਿਰ ਇਲਾਕੇ ਵਿੱਚ ਲੋਕਾਂ ਦੇ ਘਰਾਂ ਵਿੱਚ ਵੜ੍ਹ ਜਾਵੇਗਾ।
ਆਗੂਆਂ ਨੇ ਦੋਸ਼ ਲਗਾਏ ਕਿ ਹਰ ਸਾਲ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਬੁੱਢੇ ਨਾਲੇ ਦੀ ਸਫ਼ਾਈ ਕਰ ਕੇ ਕੂੜਾ ਕਿਨਾਰਿਆਂ ’ਤੇ ਲਾ ਦਿੱਤਾ ਜਾਂਦਾ ਹੈ, ਜੋ ਕਿ ਮੀਂਹ ਦੌਰਾਨ ਫਿਰ ਨਾਲੇ ’ਚ ਚਲਾ ਜਾਂਦਾ ਹੈ। ਇਸ ਕਾਰਨ ਇੱਥੇ ਬੁੱਢੇ ਨਾਲਾ ਤੰਗ ਹੁੰਦਾ ਜਾ ਰਿਹਾ ਹੈ। ਕਾਂਗਰਸੀਆਂ ਆਗੂਆਂ ਨੇ ਇਸ ਦੀ ਸ਼ਿਕਾਇਤ ਲੋਕਲ ਬਾਡੀ ਮੰਤਰੀ ਨੂੰ ਮੇਲ ਰਾਹੀਂ ਭੇਜੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ 650 ਕਰੋੜ ਰੁਪਏ ਦੇ ਕਰੀਬ ਖ਼ਰਚ ਕਰ ਕੇ ਬੁੱਢੇ ਦਰਿਆ ਦੇ ਨਰਕ ਨੂੰ ਸਾਫ਼ ਕਰ ਸਨਅਤੀ ਸ਼ਹਿਰ ਦੀ ਜਨਤਾ ਨੂੰ ਸਿਹਤਮੰਦ ਜ਼ਿੰਦਗੀ ਦੇਣ ਲਈ ਪੂਰਨ ਸਾਫ਼ ਪਾਣੀ ਦਾ ਦਰਿਆ ਦੇਣਾ ਚਾਹੁੰਦਾ ਹੈ, ਪਰ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹਰ ਸਾਲ ਸਫ਼ਾਈ ਦੇ ਨਾਂ ’ਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਨਾਂ ’ਤੇ ਨਿਗਮ ਦੇ ਖਜ਼ਾਨੇ ਨੂੰ ਚੂਨਾ ਲਾਇਆ ਜਾਂਦਾ ਹੈ। ਇਸ ਭ੍ਰਿਸ਼ਟਾਚਾਰ ਰੂਪੀ ਨਾਲੇ ਦੀ ਸਫ਼ਾਈ ਵਿਵਸਥਾ ਦੇਖਣ ਜਾਣ ਵਾਲੇ ਅਧਿਕਾਰੀਆਂ ਨੂੰ ਸ਼ਾਇਦ ਨਾਲੇ ’ਚੋਂ ਕੱਢੇ ਕਿਨਾਰਿਆਂ ’ਤੇ ਲਾਏ ਜਾ ਰਹੇ ਗੰਦਗੀ ਦੇ ਢੇਰ ਇਸ ਲਈ ਦਿਖਾਈ ਨਹੀਂ ਦਿੰਦੇ, ਕਿਉਂਕਿ ਉਨ੍ਹਾਂ ਦੀਆਂ ਅੱਖਾਂ ’ਤੇ ਵੀ ਕਮਿਸ਼ਨ ਦੀਆਂ ਪੱਟੀਆਂ ਬੰਨ੍ਹ ਦਿੱਤੀਆਂ ਜਾਂਦੀਆਂ ਹਨ।