ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 8 ਫਰਵਰੀ
ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਚੋਣ ਮੁਹਿੰਮ ਤੇਜ਼ੀ ਨਾਲ ਜਾਰੀ ਹੈ, ਪਿੰਡ ਕੈਲਪੁਰ ਵਿਚ ਵੱਡੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਝੂਠ ਅਤੇ ਮੌਕਾਪ੍ਰਸਤੀ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਚੋਣਾਂ ਸਮੇਂ ਕਾਂਗਰਸ ਅਤੇ ਕੈਪਟਨ ਨੇ ਵੱਡੇ-ਵੱਡੇ ਦਾਅਵਿਆਂ ਨਾਲ ਗੁਮਰਾਹ ਕਰ ਕੇ ਸੱਤਾ ਹਥਿਆਈ ਸੀ ਅਤੇ ਹੁਣ ਨਵਜੋਤ ਸਿੱਧੂ ਪੰਜਾਬ ਮਾਡਲ ਦੇ ਨਾਂ ’ਤੇ ਲੋਕਾਂ ਨੂੰ ਵਰਗਲ਼ਾ ਕੇ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦਾ ਹੈ, ਜਦਕਿ ਕਾਂਗਰਸ ਹਾਈਕਮਾਂਡ ਨੇ ਹੀ ਉਸ ਦੇ ਵਿਕਾਸ ਮਾਡਲ ਦੀ ਫ਼ੂਕ ਕੱਢ ਕੇ ਰੱਖ ਦਿੱਤੀ। ਉੱਧਰ ਪਿੰਡ ਪੁੜੈਣ ਵਿਚ ਗੱਠਜੋੜ ਉਮੀਦਵਾਰ ਇਯਾਲੀ ਨੂੰ ਲੱਡੂਆਂ ਨਾਲ ਤੋਲਿਆ ਗਿਆ।
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਵਿਧਾਨ ਸਭਾ ਹਲਕਾ ਦੇ ਵਿੱਚ ਪੈਂਦੇ ਸਿੱਧਵਾਂ ਬੇਟ ਇਲਾਕੇ ਦੇ ਪਿੰਡਾਂ ’ਚ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਵੱਲੋਂ ਬੜੇ ਉਤਸ਼ਾਹ ਨਾਲ ਚੋਣ ਜਲਸੇ ਕੀਤੇ ਜਾ ਰਹੇ। ਭੂੰਦੜੀ, ਕੋਟਮਾਨ, ਗੋਰਸੀਆਂ ਸਮੇਤ ਦਰਜਨ ਪਿੰਡਾਂ ’ਚ ਕੀਤੀਆਂ ਰੈਲੀਆਂ ’ਚ ਬੀਬੀਆਂ ਨੇ ਮਨਪ੍ਰੀਤ ਸਿੰਘ ਇਯਾਲੀ ਨੂੰ ਭਾਰੀ ਬਹੁਮੱਤ ਨਾਲ ਜਿਤਾਉਣ ਦਾ ਵਾਅਦਾ ਕਰਦੇ ਹੋਏ ਹੱਥ ਖੜ੍ਹੇ ਕਰਕੇ ਹਮਾਇਤ ਦਿੱਤੀ। ਲੋਕਾਂ ਵੱਲੋਂ ਮਿਲ ਰਹੇ ਪਿਆਰ ਸਤਿਕਾਰ ’ਚ ਖੀਵੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੂਬੇ ’ਚ ਸਰਕਾਰ ਬਣਨ ’ਤੇ ਹਰ ਵਾਅਦਾ ਪੂਰਾ ਕਰਨ ਦਾ ਸਕੰਲਪ ਦੁਹਰਾਇਆ। ਉਨ੍ਹਾਂ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਪਿਛਲੇ ਪੰਜ ਸਾਲ ’ਚ ਹੋਈਆਂ ਵਧੀਕੀਆਂ ਅਤੇ ਲਾਰਿਆਂ ਨੂੰ ਕਦੇ ਨਹੀਂ ਭੁੱਲਣਗੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਪੰਜਾਬ ਦੀ ਵਾਗਡੋਰ ਅਕਾਲੀ ਦਲ ਬਸਪਾ ਗੱਠਜੋੜ ਨੂੰ ਸੌਂਪਣ ਲਈ ਕਾਹਲੇ ਹਨ। ਇਸ ਵਾਰ ਕਾਂਗਰਸ ਸਮੇਤ ‘ਆਪ’ ਦੇ ਉਮੀਦਵਾਰ ਲੱਭਣੇ ਨਹੀਂ ਰਾਜ ਕਰਨਾ ਤਾਂ ਦੂਰ ਦੀ ਗੱਲ ਹੈ।
ਮਹਿਲਾ ਵੋਟਰਾਂ ਨੂੰ ਭਰਮਾਉਣ ਲਈ ‘ਆਪ’ ਉਮੀਦਵਾਰ ਨੇ ਲਾਇਆ ਪੂਰਾ ਜ਼ੋਰ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਜਗਰਾਉਂ ਤੋਂ ਦੂਜੀ ਵਾਰ ਚੋਣ ਲੜ ਰਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਨੇ ਹਲਕੇ ਦੀਆਂ ਮਹਿਲਾ ਉਮੀਦਵਾਰਾਂ ਨੂੰ ਭਰਮਾਉਣ ਲਈ ਪੂਰਾ ਜ਼ੋਰ ਲਾਇਆ ਹੈ। ਇਕ ਮਹਿਲਾ ਉਮੀਦਵਾਰ ਹੋਣ ਦੇ ਨਾਤੇ ਉਨ੍ਹਾਂ ਨੂੰ ਮਹਿਲਾਵਾਂ ਦਾ ਸਹਿਯੋਗ ਵੀ ਪੂਰਾ ਮਿਲ ਰਿਹਾ ਹੈ। ਉਨ੍ਹਾਂ ਵੱਲੋਂ ਹਲਕੇ ’ਚ ਰੱਖੇ ਜਾਂਦੇ ਹਰ ਚੋਣ ਜਲਸੇ, ਨੁੱਕੜੇ ਮੀਟਿੰਗਾਂ ਆਦਿ ’ਚ ਔਰਤਾਂ ਵੱਧ ਚੜ੍ਹ ਕੇ ਸ਼ਾਮਲ ਹੁੰਦੀਆਂ ਹਨ। ਅੱਜ ਵੀ ਉਨ੍ਹਾਂ ਹਲਕੇ ਦੇ ਕਈ ਪਿੰਡਾਂ ਕਾਉਂਕੇ ਕਲਾਂ, ਲੱਖਾ, ਮੀਰਪੁਰ ਹਾਂਸ ਆਦਿ ’ਚ ਚੋਣ ਪ੍ਰਚਾਰ ਕੀਤਾ। ਇਸ ਸਮੇਂ ਔਰਤਾਂ ਨੇ ਭਰਵੀਂ ਗਿਣਤੀ ’ਚ ਸ਼ਮੂਲੀਅਤ ਕੀਤੀ। ਦਿਨ ਸਮੇਂ ਪਿੰਡਾਂ ’ਚ ਚੋਣ ਮੁਹਿੰਮ ਭਖ਼ਾਈ ਰੱਖਣ ਤੋਂ ਬਾਅਦ ਉਨ੍ਹਾਂ ਸ਼ਾਮ ਸਮੇਂ ਸ਼ਹਿਰ ਦੇ ਵਾਰਡ ਨੰਬਰ ਅੱਠ ਸਮੇਤ ਹੋਰ ਵਾਰਡਾਂ ਤੇ ਰਾਣੀ ਝਾਂਣੀ ਚੌਕ ’ਚ ਘਰ-ਘਰ ਜਾ ਕੇ ਹਮਾਇਤ ਮੰਗੀ। ਇਸ ਵਿਚਕਾਰ ਹੀ ਦੁਪਹਿਰ ਸਮੇਂ ਉਹ ਸਥਾਨਕ ਕੋਰਟ ਕੰਪਲੈਕਸ ਪਹੁੰਚੇ ਜਿਥੇ ਕਈ ਵਕੀਲਾਂ ਨੇ ਉਨ੍ਹਾਂ ਨੂੰ ਡੱਟਵੀਂ ਹਮਾਇਤ ਦਾ ਭਰੋਸਾ ਦਿੱਤਾ।
ਤੇਜੀ ਸੰਧੂ ਨੇ ‘ਆਪ’ ਉਮੀਦਵਾਰ ਦੇ ਜੱਦੀ ਪਿੰਡ ਜਾ ਕੇ ਮੰਗੀ ਹਮਾਇਤ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਲੋਕ ਇਨਸਾਫ਼ ਪਾਰਟੀ ਵੱਲੋਂ ਹਲਕਾ ਜਗਰਾਉਂ ਤੋਂ ਉਮੀਦਵਾਰ ਤੇਜਿੰਦਰ ਕੌਰ ਤੇਜੀ ਸੰਧੂ ਨੇ ਅੱਜ ਆਪਣੀ ਵਿਰੋਧੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਦੇ ਜੱਦੀ ਪਿੰਡ ਮਾਣੂੰਕੇ ਜਾ ਕੇ ਹਮਾਇਤ ਮੰਗੀ। ਤੇਜੀ ਸੰਧੂ ਨੇ ਦਾਅਵਾ ਕੀਤਾ ਕਿ ਪਿੰਡ ਮਾਣੂੰਕੇ ’ਚ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਪਿੰਡ ਦੀਆਂ ਔਰਤਾਂ ਨੇ ਸਾਥ ਦੇਣ ਦਾ ਭਰੋਸਾ ਦਿੱਤਾ।