ਗਗਨਦੀਪ ਅਰੋੜਾ
ਲੁਧਿਆਣਾ, 30 ਜਨਵਰੀ
ਹਲਕਾ ਦੱਖਣੀ ਤੋਂ ਅੱਜ ਕਾਂਗਰਸ ਨੇ ਈਸ਼ਰਵਰਜੋਤ ਸਿੰਘ ਚੀਮਾ ਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਐਲਾਨ ਦਿੱਤਾ। ਈਸ਼ਰਵਜੋਤ ਚੀਮਾ ਪਿਛਲੇ ਕਾਫ਼ੀ ਸਮੇਂ ਤੋਂ ਹਲਕਾ ਦੱਖਣੀ ਤੋਂ ਦਾਅਵਾ ਕਰ ਰਹੇ ਸਨ ਅਤੇ ਆਪਣਾ ਪ੍ਰਚਾਰ ਵੀ ਕਰ ਰਹੇ ਸਨ। ਈਸ਼ਵਰਜੋਤ ਮੰਤਰੀ ਆਸ਼ੂ ਦੇ ਕਾਫ਼ੀ ਨਜ਼ਦੀਕੀ ਹਨ ਤੇ ਆਪਣੀ ਟਿਕਟ ਪੱਕੀ ਮੰਨ ਕੇ ਹੀ ਉਹ ਚੋਣ ਪ੍ਰਚਾਰ ਕਰਨ ’ਚ ਲੱਗੇ ਹੋਏ ਸਨ।
ਸਾਬਕਾ ਲੋਕ ਸਭਾ ਮੈਂਬਰ ਗੁਰਚਰਨ ਸਿੰਘ ਗਾਲਬਿ ਦੇ ਕਾਫ਼ੀ ਨਜ਼ਦੀਕੀ ਰਹੇ ਈਸ਼ਵਰਜੋਤ ਪਿਛਲ਼ੇ ਕਾਫ਼ੀ ਸਮੇਂ ਤੋਂ ਚੋਣ ਮੈਦਾਨ ’ਚ ਡਟੇ ਹੋਏ ਸਨ। ਹਲਕਾ ਦੱਖਣੀ ਤੋਂ ਚੋਣ ਮੈਦਾਨ ’ਚ ਉਤਰਨ ਦੀ ਉਹ ਪਹਿਲਾਂ ਹੀ ਤਿਆਰੀ ਕਰ ਰਹੇ ਸਨ। ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਲਾਕੇ ’ਚ ਰੈਲੀ ਕਰਨ ਲਈ ਪੁੱਜੇ ਸਨ ਤਾਂ ਉਸ ਸਮੇਂ ਵੀ ਈਸ਼ਰਵਜੋਤ ਨੇ ਆਪਣੀ ਕਾਫ਼ੀ ਜ਼ੋਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਨ੍ਹਾਂ ਨੂੰ ਟਿਕਟ ਮਿਲ ਸਕੇ। ਪਹਿਲੀ ਸੂਚੀ ’ਚ ਕਾਂਗਰਸ ਨੇ 86 ਉਮੀਦਵਾਰਾਂ ਦਾ ਨਾਮ ਐਲਾਨਿਆ ਸੀ ਜਿਸ ’ਚ ਮਹਾਂਨਗਰ ਦੀਆਂ 9 ਸੀਟਾਂ ’ਤੇ ਉਮੀਦਵਾਰ ਐਲਾਨੇ ਗਏ ਸਨ। ਦੂਸਰੀ ਸੂਚੀ ’ਚ ਕਾਂਗਰਸ ਨੇ ਚਾਰ ਹੋਰ ਹਲਕਿਆਂ ’ਚ ਟਿਕਟਾਂ ਜਾਰੀ ਕਰ ਦਿੱਤੀਆਂ। ਦੱਖਣੀ ਹਲਕੇ ਤੋਂ ਟਿਕਟ ਬਕਾਇਆ ਸੀ, ਜੋ ਪਾਰਟੀ ਨੇ ਐਤਵਾਰ ਨੂੰ ਐਲਾਨ ਦਿੱਤੀ।