ਪੱਤਰ ਪ੍ਰੇਰਕ
ਮਾਛੀਵਾੜਾ, 28 ਸਤੰਬਰ
ਕਾਂਗਰਸ ਨੇ ਇੱਥੇ ਤਿੰਨ ਬਲਾਕ ਸਮਿਤੀ ਮੈਂਬਰਾਂ ਸਾਬਕਾ ਚੇਅਰਮੈਨ ਸਿਮਰਨਜੀਤ ਕੌਰ ਵਾਸੀ ਬਹਿਲੋਲਪੁਰ, ਉਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ ਅਤੇ ਮਨਜੀਤ ਕੌਰ ਵਾਸੀ ਰੂੜੇਵਾਲ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ।
ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਦਿਨੀਂ ਬਲਾਕ ਸਮਿਤੀ ਚੇਅਰਮੈਨ ਦੀ ਚੋਣ ਹੋਈ ਸੀ, ਜਿਸ ਵਿਚ ਕਾਂਗਰਸ ਪਾਰਟੀ ਵਲੋਂ ਐਲਾਨ ਕੀਤਾ ਗਿਆ ਸੀ ਕਿ ਸਾਰੇ ਹੀ ਪਾਰਟੀ ਸਮਰਥਕ ਮੈਂਬਰ ਸਿਮਰਨਦੀਪ ਕੌਰ ਮਾਨ ਨੂੰ ਵੋਟ ਪਾਉਣਗੇ ਪਰ ਉਕਤ 3 ਬਲਾਕ ਸਮਿਤੀ ਮੈਂਬਰਾਂ ਨੇ ਇਸ ਚੋਣ ਪ੍ਰਕਿਰਿਆ ਵਿਚ ਸ਼ਮੂਲੀਅਤ ਨਹੀਂ ਕੀਤੀ ਤੇ ਪਾਰਟੀ ਦਾ ਹੁਕਮ ਨਾ ਮੰਨ ਕੇ ਅਨੁਸ਼ਾਸਨ ਭੰਗ ਕੀਤਾ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਤਿੰਨਾਂ ਹੀ ਬਲਾਕ ਸਮਿਤੀ ਮੈਬਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਭੇਜਿਆ ਗਿਆ ਸੀ ਪਰ ਕੋਈ ਜਵਾਬ ਨਾ ਮਿਲਣ ਕਾਰਨ ਹੁਣ ਇਨ੍ਹਾਂ ਬਲਾਕ ਸਮਿਤੀ ਮੈਬਰਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਅਨੁਸ਼ਾਸ਼ਨੀ ਕਾਰਵਾਈ ਕਰਦਿਆਂ ਬਾਹਰ ਕੱਢਿਆ ਜਾਂਦਾ ਹੈ। ਪ੍ਰਧਾਨ ਤਿਵਾੜੀ ਨੇ ਕਿਹਾ ਕਿ ਤਨਦੇਹੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਕਾਂਗਰਸ ਹਾਈਕਮਾਂਡ ਹਮੇਸ਼ਾ ਮਾਣ-ਸਤਿਕਾਰ ਦਿੰਦੀ ਹੈ।