ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਨਵੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਵੱਲੋਂ ਕੇਂਦਰ ਸਰਕਾਰ ਵੱਲੋਂ 4 ਸਾਲ ਪਹਿਲਾਂ ਕੀਤੀ ਗਈ ਨੋਟਬੰਦੀ ਦੀ ਚੌਥੀ ਬਰਸੀ ਮਨਾਈ ਗਈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਕਿਹਾ ਕਿ ਚਾਰ ਵਰ੍ਹੇ ਪਹਿਲਾਂ ਕੇਂਦਰ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਜਿਸ ਨੇ ਦੇਸ਼ ਦੇ ਅਰਥਚਾਰੇ ਨੂੰ ਲੀਹੋਂ ਲਾਹਿਆ, ਬੇਰੁਜ਼ਗਾਰੀ ਵਧਾਈ, ਵਪਾਰ ਤੇ ਸਨਅਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਹਰ ਵਰਗ ਦੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ। ਅਜਿਹੇ ਫ਼ੈਸਲਿਆਂ ਦਾ ਮਾਰੂ ਅਸਰ ਘੱਟ ਸਾਧਨਾਂ ਵਾਲੇ ਲੋਕਾਂ ’ਤੇ ਜ਼ਿਆਦਾ ਪੈਂਦਾ ਹੈ। ਨੋਟਬੰਦੀ ਦਾ ਸਿੱਧਾ ਅਸਰ ਉਨ੍ਹਾਂ ਦੇ ਪਰਿਵਾਰਾਂ ’ਤੇ ਪਿਆ, ਆਮਦਨ ਘਟੀ, ਭੋਜਨ ’ਤੇ ਖ਼ਰਚ ਹੋਣ ਵਾਲਾ ਪੈਸਾ ਘਟਿਆ ਅਤੇ ਸਿਹਤ ਤੇ ਰੋਗਾਂ ਦੇ ਇਲਾਜ ਕਰਨ ਲਈ ਕੁਝ ਨਾ ਬਚਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ ਤੇ ਨੋਟਬੰਦੀ ਦੇ ਫੈਸਲੇ ਨੇ ਪੂਰੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ ਹੈ। ਛੋਟੇ ਛੋਟੇ ਕਾਰੋਬਾਰ ਕੇਂਦਰ ਸਰਕਾਰ ਦੇ ਸਿਆਸੀ ਹਿੱਤ ਪੂਰਨ ਵਾਲੇ ਫੈਸਲਿਆਂ ਦੀ ਭੇਟ ਚੜ੍ਹ ਗਏ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਲੋਕ ਵਿਰੋਧੀ ਫੈਸਲੇ ਲਏ ਜਾ ਰਹੇ ਹਨ, ਜਿਨ੍ਹਾਂ ਵਿੱਚ ਕਿਸਾਨੀ ਸਬੰਧੀ ਪਾਸ ਕੀਤੇ ਗਏ ਬਿੱਲ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਲੋਕ ਭਾਜਪਾ ਨੂੰ ਸੱਤਾ ਤੋਂ ਲਾਂਭਾ ਕਰਦੇ ਹੋਏ ਸੁੱਖ ਦਾ ਸਾਹ ਲੈਣਗੇ। ਉਨ੍ਹਾਂ ਭਾਜਪਾ ਤੇ ਮੋਦੀ ਸਰਕਾਰ ’ਤੇ ਸ਼ਬਦੀ ਹਮਲੇ ਵੀ ਕੀਤੇ ਤੇ ਲੋਕ ਪੱਖੀ ਫੈਸਲੇ ਨਾ ਲੈਣ ਦੇ ਦੋਸ਼ ਲਾਏ।