ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਮਈ
ਭਾਜਪਾ ਨੇ ਅੱਜ ਕਾਂਗਰਸ ਅਤੇ ਲੋਕ ਇਨਸਾਫ਼ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਦਿੱਤਾ ਜਦੋਂ ਹਲਕਾ ਪੂਰਬੀ ਅਤੇ ਪੱਛਮੀ ਦੇ ਕਾਂਗਰਸੀ ਅਤੇ ਹਲਕਾ ਦੱਖਣੀ ਦੇ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਗਏ। ਜ਼ਿਲ੍ਹਾ ਭਾਜਪਾ ਦਫ਼ਤਰ ’ਚ ਹੋਈ ਮੀਟਿੰਗ ਦੌਰਾਨ ਹਲਕਾ ਪੂਰਬੀ ਦੇ ਵਾਰਡ 15 ਤੋਂ ਆਗੂ ਵਿਪਨ ਵਿਨਾਇਕ ਦੇ ਯਤਨਾਂ ਸਦਕਾ ਸੌਰਵ ਸ੍ਰੀਵਾਸਤਵ, ਰਿੰਕੂ ਕੁਮਾਰ, ਰਵੀ ਦੇਵੀ ਅਤੇ ਹਲਕਾ ਪੱਛਮੀ ਤੋਂ ਦਿਵੇਸ਼ ਮੱਕੜ, ਹਰਸ਼ ਮਦਾਨ, ਜਤਿੰਦਰ ਕੁਮਾਰ, ਹਰੀਸ਼ ਕੁਮਾਰ, ਰਾਹੁਲ ਖੰਨਾ, ਅਮਿਤ ਵਰਮਾ ਅਤੇ ਰਿਸ਼ੀ ਆਦਿ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਹਲਕਾ ਦੱਖਣੀ ਤੋਂ ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਰਮਨ ਹੀਰਾ, ਪਵਨ ਹੀਰਾ ਬੱਬੂ, ਪ੍ਰਦੀਪ ਸਿੰਘ ਆਦਿ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਪ੍ਰਧਾਨ ਰਜਨੀਸ਼ ਧੀਮਾਨ ਅਤੇ ਹੋਰ ਆਗੂਆਂ ਨੇ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਦੇਸ਼ ਨੂੰ ਸਿਰਫ਼ ਭਾਜਪਾ ਹੀ ਅੱਗੇ ਲਿਜਾ ਸਕਦੀ ਹੈ ਕਿਉਂਕਿ ਦੂਜੀਆਂ ਪਾਰਟੀਆਂ ਸਿਵਾਇ ਲੁੱਟ ਅਤੇ ਘਪਲੇਬਾਜ਼ੀ ਤੋਂ ਕੁੱਝ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਉਹ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਜਿੱਤ ਲਈ ਦਿਨ ਰਾਤ ਇੱਕ ਕਰਨਗੇ। ਇਸ ਮੌਕੇ ਸ੍ਰੀ ਧੀਮਾਨ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਹਾਸ਼ੀਏ ’ਤੇ ਚਲੀ ਗਈ ਹੈ ਕਿਉਂਕਿ ਇਸ ਦਾ ਮਨੋਬਲ ਟੁੱਟ ਰਿਹਾ ਹੈ ਅਤੇ ਕਾਂਗਰਸੀ ਆਗੂ ਅਤੇ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਯਸ਼ਪਾਲ ਜਨੋਤਰਾ, ਮਨੀਸ਼ ਚੋਪੜਾ ਲੱਕੀ, ਪੰਕਜ ਜੈਨ, ਸਕੱਤਰ ਨਵਲ ਜੈਨ ਅਤੇ ਜ਼ਿਲ੍ਹਾ ਬੁਲਾਰੇ ਸਾਬਿਰ ਹੁਸੈਨ ਆਦਿ ਹਾਜ਼ਰ ਸਨ।