ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 19 ਜਨਵਰੀ
ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋਣ ਦੇ ਨਾਲ ਨਾਲ ਹਫ਼ਤੇ ਬਾਅਦ ਵੱਖ ਵੱਖ ਥਾਵਾਂ ’ਤੇ ਮਨਾਏ ਜਾ ਰਹੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਵਧਾਏ ਜਾਣ ਦਾ ਦਾਅਵਾ ਕੀਤਾ ਗਿਆ ਹੈ । ਇਸ ਤੋਂ ਇਲਾਵਾ ਕੌਂਸਲਰਾਂ ਤੇ ਸਰਪੰਚਾਂ ਨੂੰ ਆਪਣੇ ਆਪਣੇ ਇਲਾਕੇ ਵਿੱਚ ਸੰਜੀਦਾ ਠੀਕਰੀ ਪਹਿਰੇ ਲਗਾਉਣ ਲਈ ਕਿਹਾ ਗਿਆ ਹੈ। ਡੀਐੱਸਪੀ ਅਹਿਮਦਗੜ੍ਹ ਹਰਵਿੰਦਰ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਐੱਸਐੱਸਪੀ ਮਾਲੇਰਕੋਟਲਾ ਡਾ. ਰਵਜੋਤ ਕੌਰ ਗਰੇਵਾਲ ਦੀ ਨਿਗਰਾਨੀ ਹੇਠ ਸਬ ਡਿਵੀਜ਼ਨ ਦੇ ਸਾਰੇ ਕਸਬਿਆਂ ਅਤੇ ਪਿੰਡਾਂ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਅਸਲਾਧਾਰੀਆਂ ਨੂੰ ਆਪਣਾ ਆਪਣਾ ਅਸਲਾ ਥਾਣਿਆਂ ਵਿੱਚ ਜਾਂ ਪ੍ਰਾਈਵੇਟ ਅਸਲਾ ਵਿਕਰੇਤਾਵਾਂ ਕੋਲ ਜਮ੍ਹਾਂ ਕਰਵਾਉਣ ਲਈ ਪਹਿਲਾਂ ਹੀ ਮੁਹਿੰਮ ਸ਼ੁਰੂ ਕੀਤੀ ਗਈ ਸੀ । ਹੁਣ ਥਾਣਾ ਮੁਖੀ ਅਹਿਮਦਗੜ੍ਹ ਸਦਰ ਸੰਜੀਵ ਕਪੂਰ ਤੇ ਸਿਟੀ ਐੱਸਐੱਚਓ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਰਹਿਨੁਮਾਈ ਵਿੱਚ ਲੋਕਾਂ ਦੇ ਘਰਾਂ ਅਤੇ ਦਫ਼ਤਰਾਂ ਵਿੱਚ ਜਾ ਕੇ ਅਸਲਾ ਜਮ੍ਹਾਂ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਦਰਮਿਆਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਇਲਾਕੇ ਅੰਦਰ 27 ਜਨਵਰੀ ਤੱਕ ਕਿਸੇ ਵੀ ਤਰ੍ਹਾਂ ਦੇ ਡਰੋਨ ਜਾਂ ਮਾਨਵ ਰਹਿਤ ਹਵਾ ਵਾਹਨਾਂ ਦੇ ਉਡਾਉਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।