ਪੱਤਰ ਪ੍ਰੇਰਕ /ਨਿੱਜੀ ਪੱਤਰ ਪ੍ਰੇਰਕ
ਜਗਰਾਉਂ,15 ਜੁਲਾਈ
ਪਿਛਲੇ ਕਈ ਮਹੀਨਿਆਂ ਤੋਂ ਪਾਣੀ ਦੀ ਨਿਕਾਸੀ ਬੰਦ ਹੋਣ ਕਾਰਨ ਇੱਥੇ ਰਾਏਕੋਟ ਰੋਡ ’ਤੇ ਮੁਹੱਲਾ ਜੀਵਨ ਬਸਤੀ ਦੇ ਲੋਕਾਂ ਨੇ ਵਿਗਿਆਨ ਖੋਜ ਕਾਲਜ ਕੋਲ ਸੜਕ ’ਤੇ ਧਰਨਾ ਲਾਇਆ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦਾ ਪਾਣੀ ਕੁਨੈਕਸ਼ਨ ਨਗਰ ਕੌਂਸਲ ਦੇ ਸੀਵਰੇਜ ਨਾਲ ਜੋੜਿਆ ਹੋਇਆ ਹੈ। ਇਸ ਨੂੰ ਪਿਛਲੇ ਸਮੇਂ ਦੌਰਾਨ ਕੱਟ ਦਿੱਤਾ ਗਿਆ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਖੜ੍ਹੀ ਹੋ ਗਈ। ਸੀਵਰੇਜ ਪਾਈਪਾਂ ਅਤੇ ਹੌਦੀਆਂ ਦਾ ਪਾਣੀ ਭਰ ਕੇ ਗਲੀਆਂ ਵਿੱਚ ਵਗਣ ਲੱਗ ਪਿਆ। ਦੂਸ਼ਿਤ ਪਾਣੀ ਕਾਰਨ ਮੁਹੱਲੇ ਦੇ ਵਾਸੀ ਤੇ ਛੋਟੇ ਬੱਚੇ ਬਿਮਾਰ ਰਹਿਣ ਲੱਗੇ ਹਨ। ਸਰਪੰਚ ਨੇ ਦੋਸ਼ ਲਗਾਏ ਕਿ ਉਨ੍ਹਾਂ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਬੇਨਤੀ ਕੀਤੀ ਪਰ ਉਨ੍ਹਾਂ ਕਿਹਾ ਕਿ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਹੱਲ ਕਰੋ। ਜਦੋਂਕਿ ਇਹ ਕੰਮ ਪ੍ਰਸ਼ਾਸਨ ਦੇ ਕਰਨ ਵਾਲਾ ਹੈ। ਮੌਕੇ ਤੇ ਪੁੱਜੇ ਬੀਡੀਪੀਓ ਸਤਿੰਦਰ ਸਿੰਘ, ਡੀਐੱਸਪੀ ਗੁਰਬਿੰਦਰ ਸਿੰਘ, ਥਾਣਾ ਸ਼ਹਿਰੀ ਦੇ ਇੰਸਪੈਕਟਰ ਹਰਜਿੰਦਰ ਸਿੰਘ ਨੇ ਮੁਹੱਲੇ ਦੇ ਲੋਕਾਂ ਨਾਲ ਰਾਬਤਾ ਕਰਕੇ ਜਲਦੀ ਮਸਲੇ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨੋਹਰ ਸਿੰਘ ਨੇ ਕਿਹਾ ਕਿ ਇਹ ਸੀਵਰੇਜ ਕੁਨੈਕਸ਼ਨ ਸ਼ਹਿਰ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਇਹ ਖੇਰਤ ਪੰਚਾਇਤ ਵਿਭਾਗ ਵਿੱਚ ਹੈ। ਬੀਡੀਪੀਓ ਸਤਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਨੂੰ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਹੁਕਮਾਂ ਅਨੁਸਾਰ ਸਮੱਸਿਆ ਦੇ ਹੱਲ ਲਈ ਪੈਸੇ ਜਾਰੀ ਕਰ ਦਿੱਤੇ ਗਏ ਹਨ ਦਿਨ੍ਹਾਂ ਵਿੱਚ ਹੀ ਸਾਰਾ ਮਸਲਾ ਹੱਲ ਹੋ ਜਾਵੇਗਾ । ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸਰਪੰਚ ਅਤੇ ਧਰਨਾਕਾਰੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ ।