ਗਗਨਦੀਪ ਅਰੋੜਾ
ਲੁਧਿਆਣਾ, 4 ਫਰਵਰੀ
ਵਿਧਾਨ ਸਭਾ ਚੋਣਾਂ ਦੌਰਾਨ ਇਸ ਵਾਰ ਜ਼ਿਲ੍ਹਾ ਲੁਧਿਆਣਾ ਵਿੱਚ ਚੋਣ ਮੈਦਾਨ ’ਚ ਕਈ ਦਿਲਚਸਪ ਸਿਆਸੀ ਲੜਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਲੁਧਿਆਣਾ ਦੀਆਂ ਵੱਖ-ਵੱਖ ਸੀਟਾਂ ’ਤੇ ਇੱਕੋ ਜਿਹੇ ਖੇਤਰ ਦੇ ਲੋਕ ਇੱਕ-ਦੂਜੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਲੁਧਿਆਣਾ ਦੇ ਹਲਕਾ ਗਿੱਲ ਦੀ ਗੱਲ ਕਰੀਏ ਤਾਂ ਇੱਥੇ ਸਾਬਕਾ ਆਈਏਐੱਸ ਦੇ ਸਾਹਮਣੇ ਸਾਬਕਾ ਆਈਏਐੱਸ ਚੋਣ ਲੜ ਰਿਹਾ ਹੈ। ਇਸੇ ਤਰ੍ਹਾਂ ਹਲਕਾ ਪੱਛਮੀ ਵਿੱਚ ਵਕੀਲ ਸਾਹਮਣੇ ਵਕੀਲ ਚੋਣ ਮੈਦਾਨ ਵਿੱਚ ਹੈ। ਇਸ ਦੇ ਨਾਲ ਹੀ ਹਲਕਾ ਉਤਰੀ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਸਾਹਮਣੇ ਸਾਬਕਾ ਡਿਪਟੀ ਮੇਅਰ ਚੋਣ ਮੈਦਾਨ ਵਿੱਚ ਹੈ। ਜਗਰਾਉਂ ਵਿੱਚ ਤਾਂ ਸਾਬਕਾ ਏਡੀਸੀ ਦੇ ਖ਼ਿਲਾਫ਼ ਸਾਬਕਾ ਤਹਿਸੀਲਦਾਰ ਚੋਣ ਲੜ ਰਿਹਾ ਹੈ। ਲੁਧਿਆਣਾ ਦੇ ਹਲਕਾ ਗਿੱਲ ਵਿੱਚ ਕਾਂਗਰਸ ਪਾਰਟੀ ਵੱਲੋਂ ਸਾਬਕਾ ਆਈਏਐੱਸ ਕੁਲਦੀਪ ਸਿੰਘ ਵੈਦ ਚੋਣ ਮੈਦਾਨ ਵਿੱਚ ਹੈ, ਉਨ੍ਹਾਂ ਦੇ ਨਾਲ ਦੂਜੇ ਪਾਸੇ ਸੰਯੁਕਤ ਸਮਾਜ ਮੋਰਚਾ ਵੱਲੋਂ ਸਾਬਕਾ ਆਈਏਐੱਸ ਐੱਸਆਰ ਲੱਧੜ ਚੋਣ ਮੈਦਾਨ ਵਿੱਚ ਹਨ। ਖਾਸ ਗੱਲ ਇਹ ਹੈ ਕਿ ਚੋਣ ਮੈਦਾਨ ਵਿੱਚ ਦੋਵੇਂ ਇੱਕ ਦੂਜੇ ’ਤੇ ਸ਼ਬਦੀ ਹਮਲੇ ਵੀ ਕਰ ਰਹੇ ਹਨ। ਲੱਧੜ ਦਾ ਸਿੱਧੇ ਤੌਰ ’ਤੇ ਕਹਿੰਦੇ ਹਨ ਕਿ ਕੁਲਦੀਪ ਵੈਦ ਦਾ ਪ੍ਰਮੋਟੀ ਆਈਏਐੱਸ ਹਨ, ਜਦਕਿ ਉਹ ਤਾਂ ਸਿੱਧੇ ਆਈਏਐੱਸ ਬਣੇ ਸਨ। ਇਸ ਤਰ੍ਹਾਂ ਹਲਕਾ ਪੱਛਮੀ ਵਿੱਚ ਚੋਣ ਮੁਕਾਬਲਾ ਕਾਫ਼ੀ ਦਿਲਚਸਪ ਹੈ। ਇੱਥੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਾਹਮਣੇ ਦੋ ਵਕੀਲ ਹਨ, ਜਿਨ੍ਹਾਂ ਵਿੱਚ ਅਕਾਲੀ ਦਲ ਵੱਲੋਂ ਸੀਨੀਅਰ ਵਕੀਲ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਭਾਜਪਾ ਵੱਲੋਂ ਸੀਨੀਅਰ ਵਕੀਲ ਬਿਕਰਮ ਸਿੰਘ ਸਿੱਧੂ ਚੋਣ ਮੈਦਾਨ ਵਿੱਚ ਹਨ। ਇਸ ਦੇ ਨਾਲ ਹੀ ਹਲਕਾ ਉਤਰੀ ਵਿੱਚ ਭਾਜਪਾ ਦੇ ਉਮੀਦਵਾਰ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਬਾਂਸਲ ਤੇ ਦੂਜੇ ਪਾਸੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸੇ ਹਲਕੇ ਵਿੱਚੋਂ ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ ਚੋਣ ਮੈਦਾਨ ਵਿੱਚ ਹਨ।
ਹਲਕਾ ਜਗਰਾਉਂ ’ਚ ਸਾਬਕਾ ਏਡੀਸੀ ਰਹੇ ਐੱਸਆਰ ਕਲੇਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਹਨ, ਉਥੋਂ ਭਾਜਪਾ ਨੇ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।