ਗੁਰਿੰਦਰ ਸਿੰਘ
ਲੁਧਿਆਣਾ, 17 ਅਕਤੂਬਰ
ਯੂਨੀਅਨ ਬੈਂਕ ਐਸਸੀ/ਐਸਟੀ ਐਂਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਕਾਨਫਰੰਸ ਹੋਈ, ਜਿਸ ਵਿੱਚ ਪੰਜਾਬ ਅਤੇ ਜੰਮੂ-ਕਸ਼ਮੀਰ ਤੋਂ ਡੈਲੀਗੇਟ ਸ਼ਾਮਲ ਹੋਏ। ਇਸ ਮੌਕੇ ਬੈਂਕ ਦੇ ਖੇਤਰੀ ਪ੍ਰਮੁੱਖ ਰਾਕੇਸ਼ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਜਲੰਧਰ ਖੇਤਰ ਦੇ ਪ੍ਰਮੁੱਖ ਮਨੋਹਰ ਸਿੰਘ ਅਤੇ ਲੁਧਿਆਣਾ ਪ੍ਰਮੁੱਖ ਅਜੈ ਭਾਟੀਆ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਮੁਲਾਜ਼ਮਾਂ ਨੂੰ ਬੈਂਕ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਆਗੂਆਂ ਆਰਕੇ ਜੌਲੀ, ਬਲਵੰਤ ਰਾਏ, ਲਵਲੀਨ ਕੁਮਾਰ, ਮਲਕੀਤ ਸੈਂਪਲੀ ਅਤੇ ਆਰਕੇ ਕਲਿਆਣ ਨੇ ਮੁਲਾਜ਼ਮ ਮਸਲਿਆਂ ਦੇ ਹੱਲ ਲਈ ਕੀਤੇ ਜਾ ਰਹੇ ਜਥੇਬੰਦਕ ਯਤਨਾਂ ਬਾਰੇ ਰੋਸ਼ਨੀ ਪਾਈ।
ਇਸ ਮੌਕੇ ਇੱਕ ਮਤਾ ਪਾਸ ਕਰਕੇ ਸਮੂਹ ਮੁਲਾਜ਼ਮਾਂ ਨੂੰ ਇਕਜੁੱਟ ਹੋ ਕੇ ਮੁਲਾਜ਼ਮ ਮਸਲੇ ਹੱਲ ਕਰਾਉਣ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਗਿਆ। ਐਸੋਸੀਏਸ਼ਨ ਵੱਲੋਂ ਸਵਾਗਤੀ ਕਮੇਟੀ ਦੇ ਚੇਅਰਮੈਨ ਜਗਵਿੰਦਰ ਸਿੰਘ, ਤਰਸੇਮ ਲਾਲ ਪ੍ਰਧਾਨ ਅਤੇ ਜਸਵਿੰਦਰ ਸਿੰਘ ਜਨਰਲ ਸਕੱਤਰ ਨੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਕਾਨਫਰੰਸ ਦੌਰਾਨ ਨਵੀਂ ਕਮੇਟੀ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਕਾਮਰੇਡ ਤਰਸੇਮ ਲਾਲ ਨਵਾਂਸ਼ਹਿਰ ਨੂੰ ਚੇਅਰਮੈਨ, ਜੋਗਿੰਦਰ ਸਿੰਘ ਫੁਲਾਂਵਾਲ ਨੂੰ ਪ੍ਰਧਾਨ, ਪ੍ਰਮੋਦ ਕੁਮਾਰ ਲਾਡੋਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕਾਮਰੇਡ ਐ।ਅਮਨਦੀਪ ਅੱਤਰੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਜੋਗਿੰਦਰ ਸਿੰਘ ਖੰਨਾ ਨੂੰ ਜਥੇਬੰਦਕ ਸਕੱਤਰ ਅਤੇ ਸਚਿਨ ਕਿਸ਼ਨਗੜ੍ਹ ਨੂੰ ਖਜ਼ਾਨਚੀ ਬਣਾਇਆ ਗਿਆ।